ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤੇ ਵੱਡੇ ਫਰਜ਼ੰਦਾਂ ਵੱਲੋਂ ਦੇਸ਼ ਕੌਮ ਦੀ ਖ਼ਾਤਰ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਤੇ ਇਸ ਤਹਿਤ ਨਿੱਕੀਆਂ ਜਿੰਦਾਂ ਵੱਡੇ ਸਾਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿੱਚ ਦੂਜੀ ਜਮਾਤ ਦੇ ਬੱਚਿਆਂ ਵੱਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕੀਤਾ ਗਿਆ। ਉਪਰੰਤ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਗਿਆ। ਬੱਚਿਆਂ ਨੇ ਆਪਣੀ ਵਾਰੀ ਅਨੁਸਾਰ ਮੰਚ-ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ। ਬੱਚਿਆਂ ਵੱਲੋਂ ਪਰਿਵਾਰ ਵਿਛੋੜੇ ਨਾਲ ਸਬੰਧਤ ਸ਼ਬਦ ਗਾਇਨ, ਕਵਿਤਾਵਾਂ, ਨਾਟਕ, ਪ੍ਰਸ਼ਨੋਤਰੀ, ਭਾਸ਼ਣ ਤੇ ਮੂਲ ਮੰਤਰ ਦਾ ਉਚਾਰਨ ਕੀਤਾ ਗਿਆ। ਬੱਚਿਆਂ ਵੱਲੋਂ ਗਤਕੇ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਗਈਆਂ। ਸਮਾਗਮ ਦੇ ਅਖ਼ੀਰ ਵਿੱਚ ਸਕੂਲ ਮੁਖੀ ਗਗਨਦੀਪ ਕੌਰ ਬਰਾੜ ਨੇ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਤੇ ਵਿਰਸੇ ਉੱਤੇ ਮਾਣ ਹੋਣਾ ਚਾਹੀਦਾ ਹੈ। ਸਿੱਖ-ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਹਨਾਂ ਨੇ ਕਿਹਾ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਕੋਆਰਡੀਨੇਟਰ ਸ੍ਰੀਮਤੀ ਹਰਬਿੰਦਰ ਕੌਰ ਬਰਾੜ ਦੀ ਅਗਵਾਈ ਵਿੱਚ ਕੰਮ ਕਰ ਰਹੇ ਅਧਿਆਪਕਾਂ-ਅਮਰਜੀਤ ਸਿੰਘ, ਜੇ.ਪੀ ਸਿੰਘ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਪਰਵਿੰਦਰ ਕੌਰ ਤੇ ਰਾਜਬੀਰ ਕੌਰ ਨੇ ਤਨਦੇਹੀ ਨਾਲ ਕੰਮ ਕੀਤਾ ਹੈ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਦਸਮੇਸ਼ ਪਬਲਿਕ ਸਕੂਲ ਹਮੇਸ਼ਾ ਦਸਮੇਸ਼ ਪਿਤਾ ਤੇ ਉਹਨਾਂ ਦੀਆਂ ਕੁਰਬਾਨੀਆਂ ਦਾ ਰਿਣੀ ਰਹੇਗਾ।
