ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ 14 ਨਵੰਬਰ ਨੂੰ ਸਥਾਨਕ ਦਸਮੇਸ਼ ਪਬਲਿਕ ਸਕੂਲ ਵੱਲੋਂ ਬਾਲ ਮੇਲਾ ‘ਕਾਰਨੀਵਲ ਆਫ਼ ਜੁਆਏ’ ਕਰਵਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਮੁਖੀ ਡਾ. ਸੁਰਿੰਦਰ ਸਿੰਘ ਟੁਰਨਾ ਅਤੇ ਵੱਖ-ਵੱਖ ਵਿਭਾਗਾਂ ਦੇ ਕੋਆਰਡੀਨੇਟਰਜ਼ ਦੇ ਸਹਿਯੋਗ ਸਦਕਾ ਮੇਲੇ ਵਿੱਚ ਚਹੁੰ-ਪਾਸੇ ਰੌਣਕ ਵੇਖਣ ਨੂੰ ਮਿਲੀ। ਮੇਲੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਨਾਲ ਸੰਬੰਧਤ ਪ੍ਰਦਰਸ਼ਨੀਆਂ ਲਾਈਆਂ ਗਈਆਂ। ਭਿੰਨ-ਭਿੰਨ ਤਰ੍ਹਾਂ ਦੇ ਫੂਡ ਸਟਾਲਾਂ ਨੇ ਬੱਚਿਆਂ ਦਾ ਦਿਲ ਜਿੱਤ ਲਿਆ। ਸੱਭਿਆਚਾਰਕ ਰੰਗ ਪ੍ਰਗਟਾਉਂਦੇ ਹੋਏ ਬੱਚਿਆਂ ਨੇ ਵਾਰਾਂ, ਲੋਕ-ਗੀਤ, ਨਾਟਕ, ਗਿੱਧਾ ਤੇ ਭੰਗੜਾ ਪੇਸ਼ ਕੀਤਾ। ਡਾ. ਟੁਰਨਾ ਨੇ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ। ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਮੇਲੇ ਦੀ ਸੁਚੱਜੀ ਕਾਰਗੁਜ਼ਾਰੀ ਲਈ ਸਕੂਲ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।
