

ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਦਸਮੇਸ਼ ਮਾਡਰਨ ਸੀਨੀ. ਸੈਕੰ. ਸਕੂਲ ਭਾਣਾ ਵਿਖੇ ਚੱਲ ਰਹੇ ਭਾਰਤ ਸਕਾਊਟ ਅਤੇ ਗਾਈਡ ਯੁਨਿਟ ਵੱਲੋਂ ਉਂਕਾਰ ਸਿੰਘ (ਰਾਜ ਆਰਗਨਾਇਜ਼ਿੰਗ ਕਮਿਸ਼ਨਰ) ਦੀ ਦਿਸ਼ਾ-ਨਿਰਦੇਸ਼ਾਂ ਅਤੇ ਮਨਜੀਤ ਕੌਰ ਬਰਾੜ (ਸਹਾਇਕ ਰਾਜ ਆਰਗਨਾਇਜ਼ਿੰਗ ਕਮਿਸ਼ਨਰ) ਦੀ ਅਗਵਾਈ ਹੇਠ ਤ੍ਰਿਤਿਯਾ ਸੋਪਾਨ ਟੈਸਟਿੰਗ ਕੈਂਪ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਕਾਊਟ ਅਤੇ ਗਾਈਡ ਦੇ ਅਰਥਾਂ ਅਤੇ ਮਹੱਤਤਾ ਬਾਰੇ ਜਾਣੂ ਕਰਾਉਣ ਤੋਂ ਇਲਾਵਾ ਫਸਟ ਏਡ, ਲੈਸਿੰਗ, ਟੈਂਟਿੰਗ, ਖਾਣਾ ਬਣਾਉਣ ਅਤੇ ਕੁਦਰਤੀ ਆਫ਼ਤਾਂ ਮੌਕੇ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ। ਸਕਾਊਟ ਅਤੇ ਗਾਈਡ ਨੂੰ ਨੈਤਿਕ ਮੁੱਲਾਂ, ਇਨਸਾਨੀਅਤ, ਇਮਾਨਦਾਰੀ, ਸਹਿਯੋਗ ਆਦਿ ਗੁਣਾਂ ਨੂੰ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਸਮਾਪਤੀ ਮੌਕੇ ਸਕਾਊਟ ਅਤੇ ਗਾਈਡ ਵਿਦਿਆਰਥੀਆਂ ਨੇ ਵੰਨ-ਸੁਵੰਨੇ ਪਕਵਾਨ ਬਣਾਏ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਗਾਈਡ ਪੈਟਰੋਲ ਲੌਟਸ ਅਤੇ ਸਕਾਊਟ ਪੈਟਰੋਲ ਟਾਈਗਰ ਨੂੰ ਸਰਵਉੱਤਮ ਪੈਟਰੋਲ ਦਾ ਖਿਤਾਬ ਹਾਸਿਲ ਹੋਇਆ। ਮਨਵਿੰਦਰ ਸਿੰਘ (ਚਹਿਲ) ਨੂੰ ਸਰਵਉੱਤਮ ਸਕਾਊਟ ਅਤੇ ਮਨਹੂਰ ਕੌਰ (ਭਲੂਰ) ਨੂੰ ਸਰਵਉੱਤਮ ਗਾਈਡ ਦਾ ਖਿਤਾਬ ਹਾਸਿਲ ਹੋਇਆ। ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਕੈਂਪ ਦੀ ਸੰਪੰਨਤਾ ’ਤੇ ਪ੍ਰਿੰਸੀਪਲ, ਸਕਾਊਟ ਮਾਸਟਰ ਲਵਪ੍ਰੀਤ ਸਿੰਘ, ਗਾਈਡ ਕੈਪਟਨ ਵੀਰਪਾਲ ਕੌਰ, ਸਕਾਊਟ-ਗਾਈਡ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤਾ। ਪਿ੍ਰੰਸੀਪਲ ਡਾ. ਵੀਰਪਾਲ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਸਹਾਇਕ ਗਤੀਵਿਧੀਆਂ ਸੰਤੁਲਿਤ ਸ਼ਖਸੀਅਤਾਂ ਪੈਦਾ ਕਰਨ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੀਆਂ ਹਨ, ਸੋ ਵਿਦਿਆਰਥੀ ਵਰਗ ਨੂੰ ਵੱਧ-ਚੜ੍ਹ ਕੇ ਇਹਨਾਂ ਗਤੀਵਿਧੀਆਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਮੈਡਮ ਕੁਲਵਿੰਦਰ ਕੌਰ ਧਾਲੀਵਾਲ, ਵਾਈਸ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਵਿਜੈ ਕੁਮਾਰ ਹਾਜ਼ਿਰ ਸਨ।