ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਸੱਤ ਰੋਜ਼ਾ ਐਨ.ਐਸ.ਐਸ. ਸਪੈਸ਼ਲ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਮਿਤੀ 24 ਦਸੰਬਰ 2025 ਨੂੰ ਕੈਂਪ ਸ਼ੁਰੂ ਹੋਇਆ। ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਨੇ ਸਕੂਲ ਕੈਂਪਸ ਦੀ ਸਫਾਈ ਕੀਤੀ। ਕੈਂਪ ਦੇ ਤੀਜੇ ਦਿਨ ਪਿੰਡ ਹਰੀਨੌਂ ਵਿਖੇ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਯੁੱਧ ਨਸ਼ਿਆਂ ਵਿਰੁੱਧ ਇੱਕ ਰੈਲੀ ਕੱਢੀ ਗਈ। ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਅਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਸ਼ਨ ਕਰਵਾਏ ਗਏ। ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਸਕੂਲ ਦੇ ਬਾਹਰਲੇ ਰਸਤੇ ਦੀ ਸਫ਼ਾਈ ਕਰਕੇ ਮਿੱਟੀ ਪਾ ਕੇ ਉਸਨੂੰ ਪੱਧਰ ਕੀਤਾ। ਕੈਂਪ ਦੇ ਛੇਵੇਂ ਦਿਨ ਵਲੰਟੀਅਰਾਂ ਨੇ ਮੇਨ ਗੁਰਦੁਆਰਾ ਸਾਹਿਬ ਅਤੇ ਸਮਾਧ ਭਾਈ ਸਾਈਂ ਦਾਸ ਜੀ, ਹਰੀ ਨੌਂ ਵਿਖੇ ਸਫਾਈ ਅਤੇ ਸੇਵਾ ਕੀਤੀ। ਕੈਂਪ ਦੇ ਸੱਤਵੇਂ ਦਿਨ ਦੇ ਸਮਾਪਤੀ ਸਮਾਰੋਹ ਵਿੱਚ ਪ੍ਰਦੀਪ ਕੁਮਾਰ ਦਿਉੜਾ (ਡਿਪਟੀ ਡੀ.ਈ.ਓ. ਸੈਕੰਡਰੀ ਵਿੰਗ ਫਰੀਦਕੋਟ), ਜਗਜੀਤ ਸਿੰਘ ਚਹਿਲ (ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ), ਜਸਬੀਰ ਜੱਸੀ (ਜ਼ਿਲ੍ਹਾ ਗਾਈਡੈਂਸ ਕੌਂਸਲਰ), ਨਵਦੀਪ ਸਿੰਘ ਕੱਕੜ (ਸਟੇਟ ਅਵਾਰਡੀ, ਸਮਾਜਿਕ ਸਿੱਖਿਆ ਅਧਿਆਪਕ), ਬਾਬਾ ਪਾਲਾ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ (ਗੁਰਦੁਆਰਾ ਸਾਹਿਬ ਹਰੀ ਨੌਂ) ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਬਲਜੀਤ ਸਿੰਘ ਨੇ ਕੈਂਪ ਦੀ ਸਮੁੱਚੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਵਲੰਟੀਅਰਾਂ ਨੂੰ ਇਸ ਸਕੀਮ ਰਾਹੀਂ ਆਪਣੀ ਸਖਸ਼ੀਅਤ ਦੀ ਉਸਾਰੀ ਦੀ ਪ੍ਰੇਰਨਾ ਦਿੱਤੀ। ਸੰਸਥਾ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਨੇ ਕੈਂਪ ਦੀਆਂ ਸਮੁੱਚੀਆਂ ਗਤੀਵਿਧੀਆਂ ਅਤੇ ਕਾਰਗੁਜ਼ਾਰੀ ਪ੍ਰਤੀ ਆਪਣੇ ਸੰਤੁਸ਼ਟ ਭਾਵ ਪ੍ਰਗਟ ਕੀਤੇ। ਗੁਰਲੀਨ ਕੌਰ, ਰਮਨਪ੍ਰੀਤ ਕੌਰ ਅਤੇ ਕਸ਼ਿਸ਼ ਨੇ ਧਾਰਮਿਕ ਗੀਤ ਪੇਸ਼ ਕੀਤੇ। ਸਕੂਲ ਦੇ ਸੀਨੀਅਰ ਲੈਕ. ਸ਼੍ਰੀਮਤੀ ਸਤਵਿੰਦਰ ਕੌਰ ਨੇ ਸਟੇਜ ਸੰਭਾਲੀ। ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਨੇ ਆਪਣੀ ਵਿਅਕਤੀਗਤ ਯੋਗਤਾ ਦੇ ਆਧਾਰ ’ਤੇ ਪੁਜ਼ੀਸ਼ਨਾਂ ਹਾਸਲ ਕਰਦਿਆਂ ਇਨਾਮ ਪ੍ਰਾਪਤ ਕੀਤੇ। ਇਸ ਕੈਂਪ ਵਿੱਚ ਗੁਰਸ਼ਿੰਦਰ ਸਿੰਘ ਅਤੇ ਪਰਮਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਬਲਜੀਤ ਕੌਰ, ਬਬਲਜੀਤ ਕੌਰ, ਕਰਮਜੀਤ ਕੌਰ, ਬਲਜਿੰਦਰ ਕੌਰ, ਪ੍ਰਗਟ ਸਿੰਘ ਆਦਿ ਵੀ ਹਾਜ਼ਰ ਸਨ।
