ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਮਿਤੀ 24 ਦਸੰਬਰ 2025 ਤੋਂ 30 ਦਸੰਬਰ 2025 ਤੱਕ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ 7 ਰੋਜਾ (ਦਿਨ ਅਤੇ ਰਾਤ) ਵਿਸ਼ੇਸ਼ ਕੈਂਪ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ, ਅਨੁਸ਼ਾਸਨ, ਸਮਾਜਿਕ ਜਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਪੈਦਾ ਕਰਨਾ ਹੈ। ਐਨ.ਐਸ.ਐਸ. ਪ੍ਰੋਗਰਾਮ ਅਫਸਰ ਸ਼੍ਰੀਮਤੀ ਸ਼ਮਿੰਦਰ ਕੌਰ ਨੇ ਦੱਸਿਆ ਕਿ ਕੈਂਪ ਦੌਰਾਨ ਸਫਾਈ ਅਭਿਆਨ, ਨਸ਼ਾ ਮੁਕਤੀ ਜਾਗਰੂਕਤਾ, ਸਿਹਤ ਸਿੱਖਿਆ, ਸੜਕ ਸੁਰੱਖਿਆ, ਵਾਤਾਵਰਨ ਸੁਰੱਖਿਆ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਹਰ ਰੋਜ਼ ਸਵੇਰੇ ਯੋਗਾ, ਪਾਠ ਅਤੇ ਸਰੀਰਕ ਕਸਰਤ ਕਰਵਾਈ ਜਾਵੇਗੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕੈਂਪ ਵਿੱਚ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਕਰਵਾਏ ਜਾਣਗੇ, ਜਿਨਾਂ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਮੁੱਲਾਂ, ਸਿਹਤਮੰਦ ਜੀਵਨ ਸ਼ੈਲੀ ਅਤੇ ਨਾਗਰਿਕ ਫਰਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਐਨ ਐਸ ਐਸ ਵਲੰਟੀਅਰ ਸਮਾਜ ਸੇਵਾ ਕਰਦਿਆਂ ਸਮਾਜ ਨਾਲ ਜੁੜਨ ਦਾ ਅਨੁਭਵ ਹਾਸਿਲ ਕਰਨਗੇ। ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ, ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਅਤੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਸ਼ਮਿੰਦਰ ਕੌਰ ਨੇ ਕੈਂਪ ਦੀ ਸਫਲਤਾ ਲਈ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਦੀ ਸ਼ਖਸ਼ੀਅਤ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
