ਤਿੰਨ ਰੋਜਾ ਕਾਨਫਰੰਸ 5, 6 ਤੇ 7 ਜੁਲਾਈ ਨੂੰ ਬਰੈਂਪਟਨ, ਕੈਨੇਡਾ ਵਿੱਚ ਹੋਏਗੀ
ਵਿਸ਼ਾ ਹੋਏਗਾ ‘ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ’
ਟੋਰਾਂਟੋ, ਕੈਨੇਡਾ 18 ਮਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਦੇ ਅਹੁਦੇਦਾਰ ਸਰਦਾਰ ਸਰਦੂਲ ਸਿੰਘ ਥਿਆੜਾ ਤੇ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਪੰਜਾਬੀ ਦੇ ਪਸਾਰ ਤੇ ਸੁਹਿਰਦ ਪ੍ਰਚਾਰ ਲਈ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਇਹ ਕਾਨਫਰੰਸ 5, 6 ਤੇ 7 ਜੁਲਾਈ ਨੂੰ ਬਰੈਂਪਟਨ, ਕੈਨੇਡਾ ਵਿੱਚ ਹੋ ਰਹੀ ਹੈ। ਇਸ ਕਾਨਫਰੰਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ’ ਹੋਏਗਾ। ਇਸ ਕਾਨਫਰੰਸ ਲਈ ਕੁੰਜੀਵਤ ਭਾਸ਼ਣ ਡਾਕਟਰ ਮਹਿਲ ਸਿੰਘ, ਪ੍ਰਿੰਸੀਪਲ, ਖਾਲਸਾ ਕਾਲਜ, ਅੰਮ੍ਰਿਤਸਰ ਦੇਣਗੇ। ਇਸ ਕਾਨਫਰੰਸ ਵਿੱਚ ਦੇਸ਼ਾਂ, ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ ਦੇ ਪਹੁੰਚਣ ਦੀ ਉਮੀਦ ਹੈ ਜਿੰਨਾ ਵਿੱਚ ਡਾਕਟਰ ਨਬੀਲਾ ਰਹਿਮਾਨ, ਵੀਸੀ ਪੰਜਾਬ ਯੂਨੀਵਰਸਿਟੀ ਲਾਹੌਰ, ਡਾਕਟਰ ਸਾਇਮਾ ਇਰਮ, ਗੌਰਮੈਂਟ ਯੂਨੀਵਰਸਿਟੀ ਲਾਹੌਰ, ਕੁਲਵਿੰਦਰ ਸਿੰਘ ਰਾਏ ਯੂਕੇ , ਡਾਕਟਰ ਸਤਨਾਮ ਸਿੰਘ ਜੱਸਲ ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਡਾਕਟਰ ਸਰਬਜੀਤ ਸਿੰਘ ਮਾਨ, ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ, ਡਾਕਟਰ ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਤੇ ਗੁਰਵੀਰ ਸਿੰਘ ਸਰੋਦ ਆਦ ਨੇ ਵੀ ਆਪਣੀ ਹਾਜਰੀ ਲਗਵਾਉਣ ਲਈ ਹਾਮੀ ਭਰੀ ਹੈ ਤੇ ਇਸ ਯਾਦਗਾਰੀ ਕਾਰਜ ਦਾ ਸੁਆਗਤ ਕੀਤਾ।
ਸਰਦਾਰ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਸ ਕਾਨਫਰੰਸ ਨਾਲ ਸੰਬੰਧਿਤ, 31 ਮਈ ਤੱਕ ਪਹੁੰਚਣ ਵਾਲੇ ਵਿਦਵਾਨਾਂ ਦੇ ਪੇਪਰ ਤੇ ਹੋਰ ਸਮੱਗਰੀ ਛਾਪ ਕੇ ਪ੍ਰਚਾਰੀ ਜਾਏਗੀ ।
ਦਸਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਅੰਟਾਰੀਓ ਫਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰਾਂ ਦੀ ਹੋਈ ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ । ਸਾਰਿਆਂ ਨੇ ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾ ਕੇ ਪਹਿਲੀਆਂ 9 ਵਰਲਡ ਪੰਜਾਬੀ ਕਾਨਫਰੰਸਾਂ ਦੀ ਸਫਲਤਾ ਵਾਂਗ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਵੀ ਤਨੋਂ-ਮਨੋਂ ਸਫਲ ਬਣਾਉਣ ਲਈ ਹਾਮੀ ਭਰੀ ।