ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀਆਂ ਹੋਰਨਾਂ ਦਾਣਾ ਮੰਡੀਆਂ ਦੀ ਤਰਜ ’ਤੇ ਸਥਾਨਕ ਅਨਾਜ ਮੰਡੀ ਨੂੰ ਵੀ ਮਾਡਲ ਦੇ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਲਈ ਅਨਾਜ ਮੰਡੀ ਦਾ ਰੋਲ ਮਾਡਲ ਤਿਆਰ ਹੋ ਚੁੱਕਾ ਹੈ ਅਤੇ ਪੰਜਾਬ ਮੰਡੀ ਬੋਰਡ ਪਾਸ ਭੇਜ ਦਿੱਤਾ ਹੈ, ਜਿਸ ਦੌਰਾਨ ਅਨਾਜ ਮੰਡੀ ਵਿੱਚ ਇੱਕ ਪੈਟਰੋਲ ਪੰਪ ਲਾਉਣ ਦੀ ਵੀ ਪ੍ਰਪੋਜਲ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਦੇ ਮਾਰਕੀਟ ਕਮੇਟੀ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਅਨਾਜ ਮੰਡੀ ਦੀ ਹਦੂਦ ਅੰਦਰ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਜਿਸ ਨੂੰ ਹਟਾਉਣ ਲਈ ਪਹਿਲ ਦੇ ਅਧਾਰ ’ਤੇ ਕਬਜ਼ਾਕਾਰੀਆਂ ਨੂੰ ਖੁਦ ਕਬਜ਼ਾ ਹਟਾਉਣ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜੇਕਰ ਕੋਈ ਕਬਜ਼ਾਕਾਰੀ ਨਜਾਇਜ਼ ਝੁੱਗੀਆਂ ਜਾਂ ਥੜੇ ਬਣਾਉਣ ਦੀ ਕਾਰਵਾਈ ਕਰਦਾ ਹੈ ਤਾਂ ਉਹਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਨੇ ਦੱਸਿਆ ਕਿ ਆੜਤੀਏ, ਮੁਨੀਮ ਅਤੇ ਮਜ਼ਦੂਰਾਂ ਵੱਲੋਂ ਉਹਨਾਂ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਅਨਾਜ ਮੰਡੀ ਵਿੱਚ ਰਾਤ ਸਮੇਂ ਫਸਲਾਂ ਦੀ ਚੋਰੀ ਹੋਣ ਦਾ ਡਰ ਜਿਆਦਾ ਬਣਿਆ ਰਹਿੰਦਾ ਹੈ। ਜਿਸ ’ਤੇ ਕਾਰਵਾਈ ਕਰਦਿਆਂ ਜਲਦ ਹੀ ਅਨਾਜ ਮੰਡੀ ਹਦੂਦ ਅੰਦਰ ਵਾਲੀਆਂ ਝੁੱਗੀਆਂ ਅਤੇ ਹੋਰਨਾਂ ਨੂੰ ਅਨਾਜ ਮੰਡੀ ਤੋਂ ਬਾਹਰ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕੇ ਜੇਕਰ ਫਿਰ ਵੀ ਕਬਜ਼ਾਕਾਰੀਆਂ ਵੱਲੋਂ ਅਨਾਜ ਮੰਡੀ ਦੀ ਹਦੂਦ ਅੰਦਰ ਕਬਜ਼ਾ ਕੀਤਾ ਜਾਂਦਾ ਹੈ ਤਾਂ ਮਾਰਕੀਟ ਕਮੇਟੀ ਸਖਤ ਐਕਸ਼ਨ ਲਵੇਗੀ।

