ਕੰਬਾਇਨਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰ ਸਕਣਗੀਆਂ ਝੋਨੇ ਦੀ ਕਟਾਈ
ਫਰੀਦਕੋਟ, 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮੰਡੀਆਂ ਵਿਚ ਕਿਸਾਨਾਂ ਨੂੰ ਨਮੀ ਨਾਲ ਸਬੰਧਤ ਸਮੱਸਿਆਵਾਂ ਤੋਂ ਬਚਾਉਣ ਲਈ ਜਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸਨਰ ਵਿਨੀਤ ਕੁਮਾਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤ 2023 ਦੀ ਧਾਰਾ 163 ਤਹਿਤ ਕੰਬਾਇਨਾਂ ਹਾਰਵੈਸਟਰਾਂ ਨਾਲ ਝੋਨੇ ਦੀ ਕਟਾਈ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤਕ ਝੋਨੇ ਦੀ ਕਟਾਈ ਕਰਨ ਪਾਬੰਦੀ ਲਾਈ ਗਈ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਪਿੰਡ ਢੁੱਡੀ ਵਿੱਚ ਝੋਨੇ ਦੀ ਕਟਾਈ ਕਰਵਾ ਰਹੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿਲੇ ’ਚ ਫਿਲਹਾਲ ਅਗੇਤੀ ਝੋਨੇ ਦੀ ਲਵਾਈ ਕੀਤੀ ਫਸਲ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਆਮ ਸਮੇਂ ਤੇ ਲਗਾਈ ਫਸਲ ਦੀ ਕਟਾਈ ਦਾ ਕੰਮ ਤਕਰੀਬਨ 5 ਤੋਂ 10 ਦਿਨਾਂ ਬਾਅਦ ਸੁਰੂ ਹੋਵੇਗਾ। ਉਹਨਾਂ ਦੱਸਿਆ ਕਿ ਜਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸਨਰ ਵਿਨੀਤ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਫਰੀਦਕੋਟ ਜਿਲੇ ਵਿੱਚ ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨਾਂ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੀ ਚੱਲਣਗੀਆਂ। ਉਹਨਾਂ ਦੱਸਿਆ ਕਿ ਮਿਥੇ ਸਮੇਂ ਤੋਂ ਬਾਅਦ (ਸ਼ਾਮ 06.00 ਵਜੇ ਤੋਂ ਬਾਅਦ ਸਵੇਰ 10.00 ਵਜੇ ਤੱਕ) ਝੋਨੇ ਦੀ ਕੰਬਾਈਨਾਂ ਰਾਹੀਂ ਕਟਾਈ ਤੇ ਮੁਕੰਮਲ ਤੌਰ ਤੇ ਰੋਕ ਹੋਵੇਗੀ। ਉਹਨਾਂ ਕਿਹਾ ਕਿ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਲਈ ਦਾਣਿਆਂ ਵਿਚ ਨਿਰਧਾਰਤ ਨਮੀ ਦੀ ਮਾਤਰਾ 17 ਫੀਸਦੀ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਵਲੋਂ ਤ੍ਰੇਲ ਵਿੱਚ ਕਟਾਈ ਕੀਤੀ ਝੋਨੇ ਦੀ ਫਸਲ ਦੇ ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਦੱਸਿਆ ਕਿ ਵਧੇਰੇ ਨਮੀ ਵਾਲੇ ਦਾਣੇ ਮੰਡੀਆਂ ਵਿੱਚ ਲਿਆਉਣ ਕਰਨ ਕਿਸਾਨਾਂ ਨੂੰ ਕਈ ਵਾਰ ਫਸਲ ਵੇਚਣ ਵਿੱਚ ਗੈਰ-ਲੋੜੀਦੀ ਦੇਰੀ ਹੁੰਦੀ ਹੈ, ਜਿਸ ਨਾਲ ਉਹਨਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਉਤਾਰੂ ਹੋ ਜਾਂਦੀਆਂ ਹਨ , ਜੋ ਕਿ ਟਰੈਫਿਕ ਸਮੱਸਿਆ ਦੇ ਨਾਲ ਨਾਲ ਅਮਨ ਕਾਨੂੰਨ ਦੀ ਸਥਿਤੀ ਲਈ ਵੀ ਮੁਸ਼ਕਿਲ ਪੈਦਾ ਕਰਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਚੰਗੀ ਤਰਾਂ ਪੱਕਣ ਉਪਰੰਤ ਹੀ ਕਟਾਈ ਕੀਤੀ ਜਾਵੇ। ਉਹਨਾਂ ਕਿਹਾ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਘਟਨਾਵਾਂ ਨੂੰ ਜੀਰੋ ਪੱਧਰ ਤੇ ਲਿਆਉਣ ਲਈ ਕੰਬਾਈਨ ਹਾਰਵੈਸਟਰ ਤੇ ਸੁਪਰ ਐੱਸ.ਐੱਮ.ਐਸ. ਲੱਗਾ ਹੋਣਾ ਜਰੂਰੀ ਹੈ ਤਾਂ ਜੋਂ ਸੁਪਰ ਸੀਡਰ ਜਾਂ ਹੋਰ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰਨ ’ਚ ਕੋਈ ਸਮੱਸਿਆ ਨਾ ਆਵੇ। ਉਨਾਂ ਦੱਸਿਆ ਕਿ ਜੇਕਰ ਪਰਾਲੀ ਦੀਆਂ ਬੇਲਰ ਨਾਲ ਬੇਲਜ ਬਣਾਉਣੀਆਂ ਹੋਣ ਤਾਂ ਟਰੈਕਟਰ ਵਾਲੀ ਕੰਬਾਈਨ ਮਸੀਨ ਨਾਲ ਝੋਨੇ ਦੀ ਕਟਾਈ ਕਰਵਾਈ ਜਾਵੇ ਅਤੇ ਜੇਕਰ ਬੇਲਜ ਬਣਾਉਣ ਦੀ ਬਿਜਾਏ ਪਰਾਲੀ ਨੂੰ ਖੇਤ ਵਿਚ ਸੰਭਾਲ ਕਰਕੇ ਸੁਪਰ, ਹੈਪੀ, ਸਮਾਰਟ ਜਾਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ, ਤਾਂ ਐੱਸ.ਐੱਮ.ਐੱਸ. ਲੱਗੀ ਕੰਬਾਈਨ ਨਾਲ ਹੀ ਝੋਨੇ ਦੀ ਕਟਾਈ ਕੀਤੀ ਜਾਵੇ। ਉਹਨਾਂ ਸਮੂਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿਚ ਸੰਭਾਲਣ ਨਾਲ ਮਿੱਟੀ ਦੀ ਉਤਪਾਦਨ ਸਕਤੀ ਵਿੱਚ ਵਾਧਾ, ਫਸਲਾਂ ਦੀ ਪੈਦਾਵਾਰ ’ਚ ਵਾਧੇ ਦੇ ਨਾਲ ਖਾਦ ਦੀ ਖਪਤ ਵੀ ਘਟਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜੇਕਰ ਕਿਸੇ ਮਸ਼ੀਨਰੀ ਦੀ ਉਪਲੱਬਧਤਾ ਵਿਚ ਕੋਈ ਮੁਸਕਲ ਪੇਸ਼ ਆਉਂਦੀ ਹੈ ਤਾਂ ਅਮਨ ਕੇਸ਼ਵ ਪ੍ਰੋਜੈਕਟ ਡਾਇਰਕੈਟਰ ਆਤਮਾ ਫਰੀਦਕੋਟ (81647-55422), ਗੁਰਿੰਦਰਪਾਲ ਸਿੰਘ ਖੇਤੀਬਾੜੀ ਅਫਸਰ, ਫਰੀਦਕੋਟ (95305-41497), ਰੁਪਿੰਦਰ ਸਿੰਘ, ਖੇਤੀਬਾੜੀ ਅਫਸਰ, ਫਰੀਦਕੋਟ (83273-11711), ਅਕਸ਼ਿਤ ਜੈਨ, ਸਹਾਇਤ ਖੇਤੀਬਾੜੀ ਇੰਜੀਨੀਅਰ, ਫਰੀਦਕੋਟ (95306-09090) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ ਵਿੱਚ ਤਾਇਨਾਤ ਨੋਡਲ ਅਫਸਰਾਂ ਕੋਲ ਵੀ ਪਿੰਡ ਵਿੱਚ ਮੌਜੂਦ ਮਸ਼ੀਨਰੀ ਬਾਰੇ ਪੂਰੀ ਜਾਣਕਾਰੀ ਉਪਲਬਧ ਹੋਵੇਗੀ ਅਤੇ ਇਨਾਂ ਨੋਡਲ ਅਫਸਰਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।