ਕੋਟਕਪੂਰਾ, 22 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਰੋਡ ’ਤੇ ਗੋਵਿੰਦ ਐਸਟੇਟ ਵਿਖੇ ਸਥਿੱਤ ਦ ਬਲੂਮਿੰਗਡੇਲ ਸਕੂਲ ਵਿੱਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵੱਖ-ਵੱਖ ਤਰ੍ਹਾਂ ਦੀਆਂ ਰੰਗ–ਬਰੰਗੀਆਂ ਸਰਗਰਮੀਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵਿੱਚ ਫੈਨਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਟੋਰਣ ਬਣਾਉਣਾ, ਖਾਣਯੋਗ ਰੰਗੋਲੀ ਤਿਆਰ ਕਰਨਾ ਅਤੇ ਸੋਲੋ ਐਕਟਿੰਗ ਮੁਕਾਬਲੇ ਆਯੋਜਿਤ ਕੀਤੇ ਗਏ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਆਪਣੇ ਪ੍ਰਤਿਭਾ–ਪੱਖ ਦਾ ਪ੍ਰਦਰਸ਼ਨ ਕੀਤਾ। ਇਹਨਾਂ ਸਰਗਰਮੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਸਰਟੀਫਿਕੇਟ ਅਤੇ ਪ੍ਰੋਤਸਾਹਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਇਸੇ ਕਰਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਸਮੇਂ-ਸਮੇਂ ’ਤੇ ਅਜਿਹੇ ਰਚਨਾਤਮਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸ ਮੌਕੇ ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਆਤਮ–ਵਿਸ਼ਵਾਸ, ਕਲਾ–ਪ੍ਰੇਮ ਅਤੇ ਸਮੂਹਕ ਸਾਂਝ ਦੀ ਭਾਵਨਾ ਮਜ਼ਬੂਤ ਕਰਦੇ ਹਨ। ਇਸ ਨਾਲ ਬੱਚਿਆਂ ਦੀ ਕਲਪਨਾ–ਸ਼ਕਤੀ ਅਤੇ ਮਾਨਸਿਕ ਵਿਕਾਸ ਦੋਵੇਂ ਨੂੰ ਨਵੀਂ ਦਿਸ਼ਾ ਮਿਲਦੀ ਹੈ, ਜਿਸ ਨਾਲ ਉਹ ਭਵਿੱਖ ਵਿੱਚ ਆਪਣੀਆਂ ਰੁਚੀਆਂ ਅਨੁਸਾਰ ਸਫਲਤਾ ਹਾਸਲ ਕਰ ਸਕਣ। ਇਹ ਸਮਾਗਮ ਪੂਰੇ ਜੋਸ਼, ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ, ਜਿਸ ਨਾਲ ਸਕੂਲ ਦਾ ਵਾਤਾਵਰਣ ਚਮਕਦਾ ਨਜ਼ਰ ਆਇਆ।