ਭਾਜਪਾ ਆਪਣੀ ਹਾਰ ਦੇ ਡਰੋਂ ‘ਆਪ’ ਵਰਕਰਾਂ ਉੱਪਰ ਕਰਵਾ ਰਹੀ ਹੈ ਹਮਲੇ
ਕੋਟਕਪੂਰਾ, 3 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਵਿੱਚ 5 ਫਰਵਰੀ 2025 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਲਈ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਵੀ ਪਾਰਟੀ ਦੇ ਹੱਕ ਵਿੱਚ ਜੁੜੇ ਹੋਏ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਦੀਪ ਸਿੰਘ ਕੰਮੇਆਣਾ ਅਤੇ ਟਰਾਂਸਪੋਰਟ ਵਿੰਗ ਵਿਧਾਨ ਸਭਾ ਕੋਟਕਪੂਰਾ ਦੇ ਕੋਆਰਡੀਨੇਟਰ ਗੁਰਦੀਪ ਸ਼ਰਮਾ ਬਲਾਕ ਪ੍ਰਧਾਨ ‘ਆਪ’ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਇੱਕ ਵਾਰ ਫਿਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣਨਗੇ। ਸੰਦੀਪ ਸਿੰਘ ਕੰਮੇਆਣਾ ਨੇ ਆਖਿਆ ਕਿ ਭਾਜਪਾ ਆਪਣੀ ਹਾਰ ਦੇ ਡਰੋਂ ਦਿੱਲੀ ਦੇ ਲੋਕਾਂ ਦੀ ਆਵਾਜ ਚੁੱਕਣ ਵਾਲੇ ‘ਆਪ’ ਵਰਕਰਾਂ ਉੱਪਰ ਹਮਲੇ ਕਰਵਾ ਰਹੀ ਹੈ ਅਤੇ ਗੁੰਡਾਗਰਦੀ ਉੱਪਰ ਉੱਤਰ ਆਈ ਹੈ, ਜਿਸ ਦਾ ਜਵਾਬ ਦਿੱਲੀ ਦੇ ਵੋਟਰ ਆਉਣ ਵਾਲੀ 5 ਫਰਵਰੀ ਨੂੰ ਝਾੜੂ ਵਾਲੇ ਨਿਸ਼ਾਨ ’ਤੇ ਮੋਹਰਾਂ ਲਾ ਕੇ ਦੇਣਗੇ। ਉਹਨ੍ਹਾ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਦਿੱਲੀ ਦੀ ਵਾਗਡੋਰ ਸੰਭਾਲਣਗੇ। ਸ੍ਰ ਕੰਮੇਆਣਾ ਨੇ ਕਿਹਾ ਕਿ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿੱਲੀ ਦੇ ਲੋਕਾਂ ਨੂੰ ਸਿੱਖਿਆ ਨੀਤੀ, ਮੁਹੱਲਾ ਕਲੀਨਿਕ, ਮੁਫ਼ਤ ਬਿਜਲੀ, ਮੁਫ਼ਤ ਪਾਣੀ, ਔਰਤਾਂ ਲਈ ਮੁਫ਼ਤ ਬੱਸਾਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਤਰੀਕੇ ਤੋਂ ਖੁਸ਼ ਹਨ। ਸ੍ਰ ਕੰਮੇਆਣਾ ਅਤੇ ਗੁਰਦੀਪ ਸ਼ਰਮਾ ਨੇ ਕਿਹਾ ਕਿ ਭਾਜਪਾ ਨੂੰ ਸਭ ਤੋਂ ਵੱਡਾ ਖ਼ਤਰਾ ਅਰਵਿੰਦ ਕੇਜਰੀਵਾਲ ਕੋਲੋਂ ਹੀ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਵੱਲੋਂ ਚੋਣਾਂ ਵਿੱਚ ਗ਼ਲਤ ਹੱਥਕੰਡੇ ਅਪਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਬਹੁਤ ਸਿਆਣੀ ਹੈ ਅਤੇ ਉਹ ਭਾਜਪਾ ਦੀ ਕੋਈ ਚਾਲ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਪੂਰਨ ਬਹੁਮਤ ਨਾਲ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸਰਕਾਰ ਬਣਾਏਗੀ।