ਫ਼ਰੀਦਕੋਟ, 3 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
– ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੀ ਆਰਸ਼ ਸੱਚਰ ਨੇ ਸਾਦਿਕ ਵਿੱਚ 1 ਅਕਤੂਬਰ ਦੀ ਸ਼ਾਮ ਵਾਪਰੇ ਇੱਕ ਗੰਭੀਰ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਇੱਕ ਸੂਟ ਦੀ ਵਾਪਸੀ ਨੂੰ ਲੈ ਕੇ ਸਾਦਿਕ ਬਜ਼ਾਰ ਦੇ ਪ੍ਰਸਿੱਧ ਕੱਪੜਾ ਵਪਾਰੀ ਮਿੰਟੂ ਗੱਖੜ ‘ਤੇ ਕੁਝ ਸ਼ਰਾਰਤੀ ਤੱਤਾਂ ਵੱਲੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਗੰਭੀਰ ਜ਼ਖ਼ਮਾਂ ਨਾਲ ਲਹੂ-ਲੁਹਾਨ ਕੀਤਾ, ਸਗੋਂ ਉਨ੍ਹਾਂ ਦੀ ਦੁਕਾਨ ਵਿੱਚ ਤੋੜ-ਫੋੜ ਵੀ ਕੀਤੀ। ਜ਼ਖ਼ਮੀ ਮਿੰਟੂ ਗੱਖੜ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਸਾਦਿਕ ਦੇ ਸਾਰੇ ਵਪਾਰੀਆਂ ਨੇ ਵਪਾਰ ਮੰਡਲ ਦੇ ਝੰਡੇ ਹੇਠ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਵਪਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਨਾ ਦਿੱਤੀ ਗਈ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।
ਆਰਸ਼ ਸੱਚਰ ਨੇ ਕਿਹਾ ਕਿ ਇਹ ਘਟਨਾ ਨਾ ਸਿਰਫ਼ ਇੱਕ ਵਿਅਕਤੀ ‘ਤੇ ਹਮਲਾ ਹੈ, ਸਗੋਂ ਪੂਰੇ ਵਪਾਰਕ ਭਾਈਚਾਰੇ ਅਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਗੁੰਡਾ ਤੱਤ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਪੰਜਾਬ, ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਐਸ.ਐਸ.ਪੀ. ਫ਼ਰੀਦਕੋਟ ਨੂੰ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਕਿ ਘਟਨਾ ਦੀ ਤੁਰੰਤ ਅਤੇ ਪਾਰਦਰਸ਼ੀ ਜਾਂਚ ਹੋਵੇ। ਦੋਸ਼ੀਆਂ ਦੀ ਫ਼ੌਰੀ ਗ੍ਰਿਫ਼ਤਾਰੀ ਕਰਕੇ ਉਨ੍ਹਾਂ ਨੂੰ ਉਦਾਹਰਨ ਬਣਾਉਣ ਵਾਲੀ ਸਜ਼ਾ ਦਿੱਤੀ ਜਾਵੇ। ਇਲਾਕੇ ਦੇ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਪੁਲਿਸ ਪੈਟਰੋਲਿੰਗ ਅਤੇ ਪ੍ਰੋਟੈਕਸ਼ਨ ਮਜ਼ਬੂਤ ਕੀਤਾ ਜਾਵੇ।
ਆਰਸ਼ ਸੱਚਰ ਨੇ ਕਿਹਾ ਕਿ ਇਹ ਕਾਰਵਾਈ ਸਿਰਫ਼ ਇੱਕ ਦੁਕਾਨਦਾਰ ਲਈ ਇਨਸਾਫ਼ ਨਹੀਂ ਹੋਵੇਗੀ, ਸਗੋਂ ਪੂਰੇ ਪੰਜਾਬ ਨੂੰ ਇਹ ਸਖ਼ਤ ਸੁਨੇਹਾ ਜਾਵੇਗਾ ਕਿ ਸਰਕਾਰ ਲੋਕਾਂ ਦੀ ਸੁਰੱਖਿਆ ਅਤੇ ਇਨਸਾਫ਼ ਲਈ ਪੂਰੀ ਤਰ੍ਹਾਂ ਵਚਨਬੱਧ ਹੈ।