ਗੁਰੂ ਰਵਿਦਾਸ ਸੁਸਾਇਟੀ ਨੇ ਪ੍ਰੀ-ਨਿਰਵਾਣ ਦਿਵਸ ਮਨਾਇਆ
ਫ਼ਰੀਦਕੋਟ 10 ਦਸੰਬਰ ( ਸ਼ਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼)
‘‘ਅੱਜ ਕੱਲ ਦੇਸ਼ ਦੇ ਸੰਵਿਧਾਨ ਦੇ ਮੌਲਿਕ ਢਾਂਚੇ ਵਿੱਚ ਸੋਧਾਂ ਕਰਨ ਦੇ ਬਹਾਨੇ ਨਾਲ, ਇਸ ਦੀ ਮੂਲ ਭਾਵਨਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ਾਂ ਦੇਸ਼ ਦੇ ਭਵਿੱਖ ਲਈ ਗੰਭੀਰ ਖਤਰਾ ਹਨ। ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਅਤੇ ਸਹੀ ਢੰਗ ਨਾਲ ਲਾਗੂ ਕਰਵਾਉਣਾ ਅਜੋਕੇ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਬਲਬੀਰ ਬਸਤੀ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਡਾ. ਅੰਬੇਡਕਰ ਪ੍ਰੀ-ਨਿਰਵਾਣ ਦਿਵਸ ਸਬੰਧੀ ਆਯੋਜਿਤ ਵਿਸ਼ੇਸ਼ ਮੀਟਿੰਗ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਆਪਣੇ ਸੰਬੋਧਨ ਵਿੱਚ ਕੀਤਾ। ਢੋਸੀਵਾਲ ਨੇ ਅੱਗੇ ਕਿਹਾ ਕਿ ਡਾ. ਅੰਬੇਡਕਰ ਦੀਆਂ ਲਿਖਤਾਂ ਨੂੰ ਪੜ੍ਹ ਕੇ ਉਨ੍ਹਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨਾ ਸਾਡਾ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸਥਾਨਕ ਸ੍ਰੀ ਗੁਰੂ ਰਵਿਦਾਸ ਸੁਸਾਇਟੀ (ਰਜਿ.) ਵੱਲੋਂ ਕਰਵਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਮਨਜੀਤ ਖਿੱਚੀ ਨੇ ਕੀਤੀ। ਸੰਸਥਾ ਦੇ ਚੇਅਰਮੈਨ ਜਗਦੀਸ਼ ਭਾਰਤੀ ਸਮੇਤ ਹੀਰਾਵਤੀ ਨਾਇਬ ਤਹਿਸੀਲਦਾਰ (ਰ), ਸ਼ਾਂਤੀ ਦੇਵੀ ਡੀ.ਸੀ. ਦਫਤਰ ਸੁਪਰਡੈਂਟ ਗ੍ਰੇਡ-1 (ਰ) ਸਮੇਤ ਪ੍ਰਿੰ. ਕ੍ਰਿਸ਼ਨ ਲਾਲ, ਅਮਰ ਸਿੰਘ ਮਹਿੰਮੀ, ਮਲਕੀਤ ਸਿੰਘ ਮੰਮਨ, ਗੋਬਿੰਦ ਕੁਮਾਰ, ਸ੍ਰੀ ਕ੍ਰਿਸ਼ਨ ਆਰ ਏ, ਸ਼ਿਵ ਨਾਥ ਦਰਦੀ, ਬਲਕਾਰ ਸਹੋਤਾ,ਪ੍ਰੇਮ ਕੁਮਾਰ,ਹਰੀ ਚੰਦ, ਕਮਲ ਪੇਂਟਰ, ਰਣਜੀਤ ਸਿੰਘ ਅਤੇ ਹਰਬੰਸ ਲਾਲ ਸਮੇਤ ਕਈ ਹੋਰ ਵਿਅਕਤੀ ਮੌਜੂਦ ਸਨ। ਆਪਣੇ ਸੰਬੋਧਨ ਦੌਰਾਨ ਸ੍ਰੀ ਭਾਰਤੀ ਨੇ ਕਿਹਾ ਕਿ ਜੇ ਅਸੀਂ ਅਜੋਕੇ ਸਮੇਂ ਵਿੱਚ ਡਾ. ਅੰਬੇਡਕਰ ਵੱਲੋਂ ਦਿਖਾਏ ਰਸਤੇ ਤੋਂ ਭਟਕ ਗਏ ਤਾਂ ਸਾਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਆਪਣੇ ਸੰਬੋਧਨ ਦੌਰਾਨ ਹੀਰਾਵਤੀ ਅਤੇ ਸ਼ਾਂਤੀ ਦੇਵੀ ਨੇ ਔਰਤਾਂ ਨੂੰ ਬਰਾਬਰੀ, ਵੋਟ ਦਾ ਅਧਿਕਾਰ ਅਤੇ ਪ੍ਰਸੂਤਾ ਛੁੱਟੀ ਲਾਗੂ ਕਰਵਾਉਣ ਲਈ ਡਾ. ਅੰਬੇਡਕਰ ਨੂੰ ਔਰਤਾਂ ਦਾ ਮਸੀਹਾ ਕਰਾਰ ਦਿੱਤਾ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਪ੍ਰੀ-ਨਿਰਵਾਣ ਦਿਵਸ ਮੌਕੇ ਸਭਨਾਂ ਬੁਲਾਰਿਆਂ ਨੇ ਕਿਹਾ ਹੈ ਕਿ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨ ਨੂੰ ਲਿਖ ਕੇ ਜੋ ਮਹਾਨ ਦੇਣ ਦਿੱਤੀ ਹੈ, ਹਰੇਕ ਭਾਰਤ ਵਾਸੀ ਨੂੰ ਉਸ ਉਪਰ ਮਾਣ ਹੈ। ਮੀਟਿੰਗ ਦੌਰਾਨ ਮੌਜੂਦ ਸਭ ਮੈਂਬਰਾਂ ਨੇ ਡਾ. ਅੰਬੇਡਕਰ ਦੇ ਚਿੱਤਰ ਨੂੰ ਫੁੱਲਾਂ ਦਾ ਹਾਰ ਪਾਇਆ ਤੇ ਉਨ੍ਹਾਂ ਦੇ ਚਰਨਾਂ ਵਿੱਚ ਫੁੱਲ ਭੇਂਟ ਕਰਕੇ ਨਮਨ ਕੀਤਾ। ਮੀਟਿੰਗ ਦੇ ਅੰਤ ਵਿੱਚ ਸੁਸਾਇਟੀ ਪ੍ਰਧਾਨ ਸ੍ਰੀ ਖਿੱਚੀ ਨੇ ਮੌਜੂਦ ਸਭ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸਭਨਾਂ ਨੂੰ ਡਾ. ਅੰਬੇਡਕਰ ਵੱਲੋਂ ਦਿਖਲਾਏ ਰਸਤੇ ’ਤੇ ਚੱਲਣ ਦੀ ਅਪੀਲ ਕੀਤੀ।
