ਮੰਤਰੀ ਨੂੰ ਸ਼ਿਕਾਇਤ ਕਰਨੀ ਬਾਲ ਕੈਦੀਆਂ ਲਈ ਬਣੀ ਮੁਸੀਬਤ, ਦੋ ਬਾਲ ਕੈਦੀ ਜ਼ਖ਼ਮੀਂ!
ਫਰੀਦਕੋਟ , 24 ਜੂਨ (ਵਰਲਡ ਪੰਜਾਬੀ ਟਾਈਮਜ਼)
ਬੀਤੇ ਕੱਲ ਸਮਾਜਿਕ ਸੁਰੱਖਿਆ ਬਾਰੇ ਮੰਤਰੀ ਡਾ. ਬਲਜੀਤ ਕੌਰ ਵੱਲੋਂ ਅਚਾਨਕ ਫਰੀਦਕੋਟ ਦੇ ਅਬਜ਼ਰਵੇਸ਼ਨ ਹੋਮ (ਬਾਲ ਜ਼ੇਲ) ਵਿੱਚ ਕੀਤੇ ਦੌਰੇ ਮੌਕੇ ਇਕ ਬਾਲ ਕੈਦੀ ਵੱਲੋਂ ਸ਼ਿਕਾਇਤ ਕਰਨੀ ਮਹਿੰਗੀ ਪਈ, ਕਿਉਂਕਿ ਸ਼ਿਕਾਇਤ ਕਰਨ ਵਾਲੇ ਬਾਲ ਕੈਦੀਆਂ ਦਾ ਜ਼ੇਲ ਅੰਦਰ ਕਥਿੱਤ ਕੁਟਾਪਾ ਚਾੜੇ ਜਾਣ ਦੀ ਖਬਰ ਮਿਲੀ ਹੈ। ਦੋ ਬਾਲ ਕੈਦੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਪਰ ਜ਼ੇਲ ਪ੍ਰਬੰਧਕਾਂ ਵੱਲੋਂ ਇਸ ਉੱਪਰ ਪਰਦਾ ਪਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਡਾ. ਬਲਜੀਤ ਕੌਰ ਨੇ ਅਬਜ਼ਰਵੇਸ਼ਨ ਹੋਮ ਵਿੱਚ ਬਾਲ ਕੈਦੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਕੀਤੀ ਗਈ ਅਣਗਹਿਲੀ ਦੇ ਚੱਲਦਿਆਂ ਨੋਟਿਸ ਲੈ ਕੇ ਜ਼ੇਲ ਦੇ ਪ੍ਰਬੰਧਕਾਂ ਅਤੇ ਹੋਰ ਸਬੰਧਤ ਅਫਸਰਾਂ ਦੀ ਕਲਾਸ ਲਾਈ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਬਾਲ ਕੈਦੀਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਪੱਤਰਕਾਰਾਂ ਵਲੋਂ ਅਬਜ਼ਰਵੇਸ਼ਨ ਹੋਮ (ਬਾਲ ਜ਼ੇਲ) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਵਾਰ-ਵਾਰ ਪੁੱਛਣ ’ਤੇ ਪਰਦਾ ਪਾਉਣ ਦੀ ਕੌਸ਼ਿਸ਼ ਕੀਤੀ ਗਈ, ਜਦਕਿ ਸਿਟੀ ਥਾਣਾ ਫਰੀਦਕੋਟ-2 ਦੇ ਐੱਸ.ਐੱਚ.ਓ. ਸੁਖਦਰਸ਼ਨ ਸ਼ਰਮਾ ਨੇ ਮੰਨਿਆ ਕਿ ਬਾਲ ਜ਼ੇਲ ਦੀ ਬੈਰਕ ਨੰਬਰ 1 ਵਿੱਚ 6 ਜਦਕਿ ਬੈਰਕ ਨੰਬਰ 2 ਵਿੱਚ 7 ਬਾਲ ਕੈਦੀਆਂ ਦੀ ਲੜਾਈ ਹੋਈ ਹੈ ਅਤੇ ਦੋ ਬਾਲ ਕੈਦੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਉਕਤ ਬਾਲ ਕੈਦੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਹੀ ਸਾਰੀ ਸਥਿੱਤੀ ਸਪੱਸ਼ਟ ਹੋਵੇਗੀ।