ਚੰਡੀਗੜ੍ਹ 2 ਅਗਸਤ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਪ੍ਰਸਿੱਧ ਗੀਤਕਾਰ ਧਿਆਨ ਸਿੰਘ ਕਾਹਲੋਂ ਦੀ ਦੂਸਰੀ ਮੌਲਿਕ ਗੀਤ ਪੁਸਤਕ ‘ਟੁੰਬਵੇਂ ਬੋਲ’ ਦੀ ਹੋਈ ਘੁੰਡ ਚੁਕਾਈ, ਵਿਚਾਰ ਚਰਚਾ ਤੇ ਸਾਵਣ ਕਵੀ ਦਰਬਾਰ ਦਾ ਆਯੋਜਨ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਵੀ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਕੀਤੀ ਗਈ ਜਦੋਂ ਕਿ ਉੱਘੇ ਲੇਖਕ ਡਾ. ਲਾਭ ਸਿੰਘ ਖੀਵਾ, ਸਾਬਕਾ ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਅਤੇ ਸੀਨੀਅਰ ਪੱਤਰਕਾਰ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ, ਪ੍ਰਧਾਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਕ੍ਰਮਵਾਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਸੋਭਿਤ ਹੋਏ। ਪੁਸਤਕ ਦਾ ਲੋਕ ਅਰਪਣ ਤਾੜੀਆਂ ਦੀ ਗੂੰਜ ਵਿੱਚ ਕੀਤਾ ਗਿਆ। ਪੁਸਤਕ ਤੇ ਪਰਚਾ ਡਾ. ਪੰਨਾ ਲਾਲ ਮੁਸਤਫ਼ਾਬਾਦੀ ਨੇ ਬੜੀ ਬਾਰੀਕ-ਬੀਨੀ ਨਾਲ ਸਾਰੇ ਪੱਖਾਂ ਦੀ ਘੋਖ ਕਰਦਿਆਂ ਸੁਚੱਜੇ ਢੰਗ ਨਾਲ ਪੜ੍ਹਿਆ। ਇਸ ਉਪਰੰਤ ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਪੁਸਤਕ ਤੇ ਚਰਚਾ ਬੜੀ ਨਿੱਠ ਕੇ ਕੀਤੀ ਗਈ ਅਤੇ ਇਸ ਪੁਸਤਕ ਵਿੱਚ ਸ਼ਾਮਿਲ ਧਾਰਮਿਕ ਗੀਤਾਂ ਦਾ ਇੱਕ ਕਿਤਾਬਚਾ ਤਿਆਰ ਕਰਨ ਦਾ ਸੁਝਾਅ ਵੀ ਦਿੱਤਾ।
ਆਪਣੇ ਕੁੰਜੀਵਤ ਭਾਸ਼ਣ ਵਿੱਚ ਅੱਖਰਾਂ ਨੂੰ ਬੰਨ੍ਹਦਿਆਂ ਦੀਪਕ ਸ਼ਰਮਾ ਚਨਾਰਥਲ ਤੇ ਡਾ. ਲਾਭ ਸਿੰਘ ਖੀਵਾ ਨੇ ਇਸ ਪੁਸਤਕ ਵਿੱਚ ਸਮੂਹ ਗੀਤਾਂ ਨੂੰ ਸਮਾਜ ਹਿੱਤ ਵਿੱਚ ਦੱਸਦਿਆਂ ਇਹੋ ਜਿਹੇ ਉਪਰਾਲੇ ਭਵਿੱਖ ਵਿੱਚ ਵੀ ਕਰਦੇ ਰਹਿਣ ਦਾ ਸੁਝਾਅ ਦਿੱਤਾ। ਪੁਸਤਕ ਦੇ ਰਚੇਤਾ ਨੇ ਆਪਣੀ ਪੁਸਤਕ ਵਿੱਚੋਂ ਦੋ ਗੀਤ, ‘ਦਾਦੇ-ਪੋਤੇ ਦੀ ਯਾਰੀ’ ਤੇ ‘ਬੰਦੇ ਨੂੰ ਆਪਣੇ ਗੁਨਾਹ ਮਾਰਦੇ’ ਬਾਖ਼ੂਬੀ ਪੇਸ਼ ਕਰਕੇ ਵਾਹ-ਵਾਹ ਖੱਟੀ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਲੇਖਕ ਦੀ ਨੂੰਹ ਰਾਣੀ ਲਖਵਿੰਦਰ ਕੌਰ ਨੇ ਹਾਜ਼ਰੀ ਭਰੀ ਤੇ ਲੇਖਕ ਦੇ ਜੀਵਨ ਕਾਲ ਨਾਲ ਜੁੜੇ ਰਹੱਸ ਤੇ ਉਨ੍ਹਾਂ ਤੋਂ ਮਿਲਿਆ ਪਿਆਰ ਲਫ਼ਜਾਂ ਵਿੱਚ ਬਾਖ਼ੂਬੀ ਪੇਸ਼ ਕੀਤਾ। ਲੇਖਕ ਦੇ ਸਪੁੱਤਰ ਸੁਖਵੰਤ ਸਿੰਘ ਨੇ ਵੀ ਆਪਣੇ ਵਿਚਾਰ ਬਾਖੂਬੀ ਪੇਸ਼ ਕੀਤੇ। ਪੁਸਤਕ ਦੇ ਲੇਖਕ ਕਾਹਲੋਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਮੋਮੈਂਟੋ, ਲੋਈ ਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਨੂੰਹ ਰਾਣੀ ਜੋ ਕੈਨੇਡਾ ਤੋਂ ਉਚੇਚੇ ਤੌਰ ਤੇ ਆਏ ਹੋਏ ਹਨ ਹੁਰਾਂ ਨੂੰ ਵੀ ਫੁਲਕਾਰੀ ਅਤੇ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਖੂਬਸੂਰਤੀ ਇਹ ਸੀ ਕਿ ਧਿਆਨ ਸਿੰਘ ਕਾਹਲੋਂ ਦੇ ਪਰਿਵਾਰ ਦੇ ਨਾਲ-ਨਾਲ ਉਸਦੇ ਕੁੜਮ ਮੰਗਤ ਰਾਮ ਤੇ ਕੁੜਮਣੀ ਸੁਰਜੀਤ ਕੌਰ ਨੇ ਵੀ ਪਿਹੋਵਾ ਤੋਂ ਆ ਕੇ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਤੇ ਸਾਵਣ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਸ਼ਾਇਰ ਬਾਬੂ ਰਾਮ ਦੀਵਾਨਾ, ਸਾਬਕਾ ਸਹਾਇਕ ਡਾਇਰੈਕਟਰ ਨੇ ਆਪਣੀ ਹਾਜ਼ਰੀ ਲੁਆਈ। ਉਪਰੰਤ ਸਾਇੰਟਿਸਟ ਅਤੇ ਗਾਇਕ ਸਰਬਜੀਤ ਸਿੰਘ ਤੇ ਪਰਮਜੀਤ ਸਿੰਘ ਮਾਨ ਨੇ ਲੋਕ ਅਰਪਣ ਹੋਈ ਪੁਸਤਕ ਵਿੱਚੋਂ ਗੀਤ ਗਾ ਕੇ ਚੰਗਾ ਰੰਗ ਬੰਨ੍ਹਿਆ। ਜਗਤਾਰ ਸਿੰਘ ਜੋਗ, ਬਲਦੇਵ ਸਿੰਘ ਬਿੰਦਰਾ, ਗੁਰਸ਼ਰਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ ਅਤੇ ਪਾਲ ਅਜਨਬੀ ਨੇ ਕਾਵਿਕ ਫ਼ਿਜਾ ਵਿੱਚ ਰੰਗ ਬਿਖ਼ੇਰਿਆ। ਫਿਰ ਬਾਰੀ ਆਈ – ਗੀਤਕਾਰ ਰਣਜੋਧ ਸਿੰਘ ਰਾਣਾ ਦੀ ਜਿਸ ਨੇ ਸ਼ਹੀਦ ਊਧਮ ਸਿੰਘ ਦੀ ਵਾਰ ਕੋਰੜਾ ਛੰਦ ਵਿੱਚ ਪੇਸ਼ ਕੀਤੀ। ਰਾਜਵਿੰਦਰ ਸਿੰਘ ਗੱਡੂ, ਸੁਮਿੱਤਰ ਸਿੰਘ ਦੋਸਤ, ਮੰਦਰ ਸਿੰਘ ਗਿੱਲ ਸਾਹਿਬਚੰਦੀਆ, ਚਰਨਜੀਤ ਕੌਰ, ਬਲਵਿੰਦਰ ਸਿੰਘ ਢਿੱਲੋਂ, ਐਸ.ਕੇ. ਅਰੋੜਾ ਨੇ ਕਾਵਿ ਮਹਿਫ਼ਲ ਨੂੰ ਸਿੱਖ਼ਰਤਾ ਪ੍ਰਦਾਨ ਕੀਤੀ। ਆਪਣੇ ਨਿਵੇਕਲੇ ਅੰਦਾਜ਼ ਵਿੱਚ ਮਲਕੀਤ ਸਿੰਘ ਔਜਲਾ ਨੇ ਸਾਵਣ ਮਹੀਨੇ ਤੇ ਬੁਲੰਦ ਆਵਾਜ਼ ਵਿੱਚ ਰਚਨਾ ਗਾ ਕੇ ਰੰਗ ਬੰਨ੍ਹਿਆ। ਭਗਤ ਰਾਮ ਰੰਗਾੜਾ, ਪ੍ਰਧਾਨ ਕਵੀ ਮੰਚ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪਰਚਾ ਲੇਖਕ ਤੇ ਵਿਚਾਰ ਚਰਚਾ ਲੇਖਕ ਨੂੰ ਲੋਈਆਂ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੀ ਮੰਚ ਸੰਚਾਲਨਾ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਨਿਭਾਈ ਗਈ। ਗੁਰਵਿੰਦਰ ਗੁਰੀ, ਸੀਨੀਅਰ ਪੱਤਰਕਾਰ ਅਜਾਇਬ ਸਿੰਘ ਔਜਲਾ, ਦਿਲਪ੍ਰੀਤ ਕਾਹਲੋਂ, ਹਰਨੂਰ ਕਾਹਲੋਂ, ਬਲਵਿੰਦਰ ਸਿੰਘ ਧਾਲੀਵਾਲ, ਅਵਤਾਰ ਸਿੰਘ ਪਤੰਗ, ਭੁਪਿੰਦਰ ਮਲਿਕ, ਸੁਖਵਿੰਦਰ ਸਿੰਘ, ਨਵੀਨ ਕੁਮਾਰ, ਬਲਜੀਤ ਸਿੰਘ ਆਦਿ ਨੇ ਲੰਬਾ ਸਮਾਂ ਹਾਜ਼ਰੀ ਭਰੀ। ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਸੀ। ਇਸ ਤਰ੍ਹਾਂ ਪ੍ਰੋਗਰਾਮ ਨਿਵੇਕਲੀਆਂ ਪੈੜ੍ਹਾਂ ਛੱਡਦਾ ਸੰਪੰਨ ਹੋਇਆ।