ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤੀ ਵਧਾਈ
ਫਰੀਦਕੋਟ , 21 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਐੱਮ 2.0 ਤਹਿਤ ਫਰੀਦਕੋਟ ਨਗਰ ਕੌਂਸਲ ਨੇ ਰਹਿੰਦ-ਖੂੰਹਦ ਪ੍ਰਬੰਧਨ ਅਤੇ ਵਾਤਾਵਰਣ ਸੰਭਾਲ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਜਿਸ ਲਈ ਨਗਰ ਕੌਂਸਲ ਫਰੀਦਕੋਟ ਨੂੰ ਚੇਂਜਮੇਕਰਸ ਕਨਕਲੇਵ 2024 ਖਿਤਾਬ ਮਿਲਿਆਂ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਨਗਰ ਕੌਂਸਲ ਦੇ ਪ੍ਰਧਾਨ, ਐੱਮ.ਸੀ. ਅਤੇ ਇਸ ਕੰਮ ਵਿਚ ਲੱਗੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ, ਖਾਦ ਬਣਾਉਣ ਅਤੇ ਰੀਸਾਈਕਲਿੰਗ ਕਰਨਾ ਹੈ। ਉਹਨਾਂ ਦੱਸਦਿਆਂ ਕਿ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਜ਼ਿਲੇ ਦੇ ਲੋਕਾਂ ਨੂੰ ਕੂੜੇ ਦੇ ਸਹੀ ਨਿਪਟਾਰੇ ਅਤੇ ਵਾਤਾਵਰਣ ਸੰਭਾਲ ਬਾਰੇ ਜਾਗਰੂਕ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲੇ ਵਿੱਚ ਪਾਰਕਾਂ ਅਤੇ ਬਗੀਚਿਆਂ ਬਣਾਉਣ ਤੇ ਉਹਨਾਂ ਦੀ ਸੰਭਾਲ ਕਰਨ, ਵਾਤਾਵਰਣ ਸ਼ੁੱਧਤਾ ਵਿਚ ਯੋਗਦਾਨ ਪਾਉਣ ਅਤੇ ਵਾਤਾਵਰਣ ਨੂੰ ਹਰਾ ਬਣਾਉਣ ਆਦਿ ਪਹਿਲ ਕਦਮੀਆਂ ਨੂੰ ਦੇਖਦੇ ਹੋਏ ਫਰੀਦਕੋਟ ਨਗਰ ਕੌਂਸਲ ਨੂੰ ਇਹ ਇਨਾਮ ਮਿਲਿਆਂ ਹੈ, ਜੋ ਬਹੁਤ ਹੀ ਜਿਆਦਾ ਗੌਰਵ ਵਾਲੀ ਗੱਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਹਰ ਰੋਜ਼ ਲਗਭਗ 19 ਟਨ ਕੂੜਾ ਪੈਦਾ ਹੁੰਦਾ ਹੈ। ਫਰੀਦਕੋਟ ਦੀਆਂ ਪਹਿਲਕਦਮੀਆਂ ਕਾਰਨ ਰਹਿੰਦ-ਖੂੰਹਦ ਨੂੰ ਵੱਖ ਕਰਨ ਵਿੱਚ 30 ਪ੍ਰਤੀਸ਼ਤ ਵਾਧਾ ਹੋਇਆ ਹੈ ਜਿਸ ਤਹਿਤ ਲੈਂਡਫਿਲਜ਼ ਨੂੰ ਭੇਜੇ ਜਾਣ ਵਾਲੇ ਕੂੜੇ ਵਿੱਚ 25 ਪ੍ਰਤੀਸ਼ਤ ਦੀ ਕਮੀ ਆਈ ਹੈ। ਜੋ ਕਿ ਪ੍ਰਸ਼ੰਸਾ ਵਾਲਾ ਕੰਮ ਹੈ। ਉਨ੍ਹਾਂ ਦੱਸਿਆਂ ਕਿ ਨਗਰ ਕੌਂਸਲ ਫਰੀਦਕੋਟ ਦੀ ਤਰਫੋਂ ਤਤਕਾਲੀਨ ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ ਨੂੰ ਉਚੇਚੇ ਤੌਰ ’ਤੇ ਮਿਸ ਰੂਪਾ ਮਿਸ਼ਰਾ ਸੰਯੁਕਤ ਸਕੱਤਰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਦੀ ਰਹਿਨੁਮਾਈ ਹੇਠ ਸੀ ਐਸ ਈ ਸੈਂਟਰ ਵੱਲੋਂ ਨਵੀਂ ਦਿੱਲੀ ਵਿਖੇ ਸ਼ਹਿਰੀ ਖੇਤਰ ਵਿਚ ਸੁਧਾਰ ਲਿਆਉਣ ਬਦਲੇ ਚੇਂਜ ਮੇਕਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਉਜਸਵੀ ਅਲੰਕਾਰ ਨੇ ਵੀ ਨਗਰ ਕੋਂਸਲ ਫਰੀਦਕੋਟ ਦੀ ਇਸ ਪ੍ਰਾਪਤੀ ਲਈ ਨਗਰ ਕੌਂਸਲ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਜ਼ਿਲੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹੋਰ ਸਮੱਰਪਿਤ ਭਾਵਨਾ ਨਾਲ ਕੰਮ ਕਰਨ ਲਈ ਕਿਹਾ।

