ਕੋਟਕਪੂਰਾ, 26 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਵਲ ਸਰਜਨ ਫਰੀਦਕੋਟ ਵੱਲੋਂ ਜਸਮੇਲ ਸਿੰਘ ਮਲਟੀਪਰਪਜ ਹੈਲਥ ਵਰਕਰ ਦੀ ਝੂਠੀ ਸ਼ਿਕਾਇਤ ਕਰਕੇ ਬਦਲੀ ਕਰਵਾਉਣ ਕਾਰਨ ਸਮੁੱਚੇ ਮਲਟੀਪਰਪਜ਼ ਕੇਡਰ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਦੇ ਖਿਲਾਫ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਜ਼ਿਲ੍ਹਾ ਫਰੀਦਕੋਟ ਵੱਲੋਂ 27 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਸਿਵਲ ਸਰਜਨ ਦਫ਼ਤਰ ਫਰੀਦਕੋਟ ਸਾਹਮਣੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਰੋਸ ਧਰਨੇ ਦੀ ਹਮਾਇਤ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ ਇਕਾਈ ਜ਼ਿਲ੍ਹਾ ਫਰੀਦਕੋਟ ਦੇ ਆਗੂ ਨਛੱਤਰ ਸਿੰਘ ਭਾਣਾ, ਕੁਲਵੰਤ ਸਿੰਘ ਚਾਨੀ, ਪ੍ਰਦੀਪ ਸਿੰਘ ਬਰਾੜ, ਬਲਕਾਰ ਸਿੰਘ ਸਹੋਤਾ, ਰਮੇਸ਼ ਢੈਪਈ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਸਿੱਧੂ ਅਤੇ ਜੋਤੀ ਪ੍ਰਕਾਸ਼ ਨੇ ਇਸ ਰੋਸ ਧਰਨੇ ਵਿੱਚ ਭਰਾਤਰੀ ਤੌਰ ’ਤੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਸਿਹਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਸਮੇਲ ਸਿੰਘ ਮਲਟੀਪਰਪਜ ਹੈਲਥ ਵਰਕਰ ਦੀ ਕੀਤੀ ਗਈ ਨਜਾਇਜ਼ ਬਦਲੀ ਦੇ ਹੁਕਮ ਤੁਰਤ ਰੱਦ ਕੀਤੇ ਜਾਣ।