ਜੀ.ਜੀ.ਐੱਸ. ਮੈਡੀਕਲ ਕਾਲਜ ਤੇ ਹਸਪਤਾਲ ’ਚ ਮਨਾਇਆ ਅੰਤਰਰਾਸ਼ਟਰੀ ਨਰਸ ਡੇ
ਕੋਟਕਪੂਰਾ, 25 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ, ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ ਦਾ ਕੰਨਸਟੀਚਿਉਟ ਕਾਲਜ ਹੈ, ਵੱਲੋਂ ਅੰਤਰਰਾਸ਼ਟਰੀ ਨਰਸ ਡੇ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋ. (ਡਾ.) ਰਾਜੀਵ ਸੂਦ, ਮਾਨਯੋਗ ਵਾਈਸ ਚਾਂਸਲਰ, ਬੀਐਫਯੂਐਚਐਸ, ਸ਼੍ਰੀਮਤੀ ਰੀਵਾ ਸੂਦ; ਡਾ. ਨੀਤੂ ਕੁਕੜ, ਮੈਡੀਕਲ ਸੁਪਰਡੈਂਟ, ਸ਼੍ਰੀਮਤੀ ਪਰਮਜੀਤ ਕੌਰ, ਨਰਸਿੰਗ ਸੁਪਰਡੈਂਟ, ਨਰਸਿੰਗ ਯੂਨੀਅਨ ਮੈਂਬਰਾਂ ਵਿੱਚੋਂ ਸ਼੍ਰੀ ਸੰਜੀਵ ਕੁਮਾਰ, ਸ਼੍ਰੀਮਤੀ ਜਸਵੰਤ, ਸ਼੍ਰੀਮਤੀ ਬੇਅੰਤ, ਸ਼੍ਰੀ ਸਟੀਫਨ, ਸ਼੍ਰੀ ਸਪਰਸ਼, ਸ਼੍ਰੀ ਦੇਵ ਰਾਜ, ਸ਼੍ਰੀ ਬਬਨਦੀਪ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਨਰਸਿੰਗ ਅਧਿਕਾਰੀ ਹਾਜ਼ਰ ਰਹੇ। ਅੰਤਰਰਾਸ਼ਟਰੀ ਨਰਸ ਡੇ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ ਜੋ ਕਿ ਆਧੁਨਿਕ ਨਰਸਿੰਗ ਦੀ ਸੰਸਥਾਪਕਾ ਫਲੋਰੈਂਸ ਨਾਈਟਿੰਗੇਲ (1820–1910) ਦੀ ਜਨਮ ਜਯੰਤੀ ਹੈ। ਉਨ੍ਹਾਂ ਕਰਾਈਮੀਆ ਯੁੱਧ ਦੌਰਾਨ ਬੇਮਿਸਾਲ ਸੇਵਾ ਨਿਭਾਈ ਅਤੇ ਹਸਪਤਾਲ ਸਫਾਈ ਪ੍ਰਣਾਲੀ ਵਿੱਚ ਸਧਾਰ ਲਿਆ ਕੇ ਆਧੁਨਿਕ ਨਰਸਿੰਗ ਦੀ ਨੀਂਹ ਰਖੀ। ਡਾ. ਨੀਤੂ ਕੁਕੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਨਰਸ ਸਿਹਤ ਸੇਵਾਵਾਂ ਦਾ ਦਿਲ ਹਨ- ਉਨ੍ਹਾਂ ਦੀ ਸਮਰਪਿਤ ਸੇਵਾ, ਸੰਵੇਦਨਾ ਅਤੇ ਹੌਸਲਾ ਸਾਡੀ ਸਿਹਤ ਪ੍ਰਣਾਲੀ ਦੀ ਮਜਬੂਤ ਨੀਂਹ ਹਨ। ਸ਼੍ਰੀ ਸਟੀਫਨ, ਨਰਸਿੰਗ ਯੂਨੀਅਨ ਵਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਕਿਸੇ ਸੰਕਟ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਅਸੀਂ ਨਰਸਿੰਗ ਦੀ ਮਹੱਤਤਾ ਨੂੰ ਮੰਨਣ। ਆਓ ਅਜਿਹਾ ਭਵਿੱਖ ਬਣਾਈਏ ਜਿੱਥੇ ਨਰਸਾਂ ਨੂੰ ਸਮਰਥਿਤ, ਸੁਰੱਖਿਅਤ ਅਤੇ ਸੁਣਿਆ ਜਾਂਦਾ ਹੋਵੇ-ਹਰ ਇਕ ਦਿਨ। ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਨੇ ਨਰਸਿੰਗ ਸਟਾਫ ਦੀ ਨਿਸ਼ਕਾਮ ਸੇਵਾ ਦੀ ਸਦਾ ਸਰਾਹਨਾ ਕੀਤੀ ਅਤੇ ਭਵਿੱਖ ਵਿੱਚ ਵੀ ਨਰਸਿੰਗ ਪੇਸ਼ੇ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੀ ਭਲਾਈ ਲਈ ਯੂਨੀਵਰਸਿਟੀ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਾਰਜਕ੍ਰਮ ਦੀ ਸਮਾਪਤੀ ਸਮੇਂ ਇਹ ਵਚਨ ਦਿੱਤਾ ਗਿਆ ਕਿ ਨਰਸਿੰਗ ਦੇ ਅਮੁਲੇ ਯੋਗਦਾਨ ਨੂੰ ਸਦਾ ਮਾਨਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਨਮਾਨ, ਮੌਕੇ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।