
ਫਰੀਦਕੋਟ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
“ਨਰੇਗਾ ਕਾਮਿਆਂ ਵੱਲੋਂ ਦਿੱਤੀਆਂ ਜਾਂਦੀਆਂ ਕੰਮ ਅਰਜ਼ੀਆਂ ਦੀ ਰਸੀਦ ਨਾ ਦੇਣਾ ‘ਨਰੇਗਾ ਕਾਨੂੰਨ 2005’ ਦੀ ਉਲੰਘਣਾ ਹੈ । ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਥਾਨਕ ਮਿਨੀ ਸਕੱਤਰੇਤ ਵਿਖੇ ਬਲਾਕ ਫ਼ਰੀਦਕੋਟ ਦੇ ਵਖ-ਵਖ ਪਿੰਡਾਂ ਤੋਂ ਆਏ ਨਰੇਗਾ ਕਾਮਿਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਜੱਥੇਬੰਦੀ ਦੇ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ ਨੇ ਕਹੇ। ਉਨਾਂ ਕਿਹਾ ਕਿ ਜੇ ਮੰਗ ਅਨੁਸਾਰ ਕੰਮ ਨਹੀਂ ਦਿੱਤਾ ਗਿਆ ਤਾਂ ਹਰ ਕਾਮਾ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੈ ਜਿਸ ਲਈ ਕਾਮੇ ਵੱਲੋਂ ਭਰ ਕੇ ਦਿੱਤੇ ਫਾਰਮ ਦੀ ਰਸੀਦ ਵੀ ਉਸ ਨੂੰ ਦੇਣੀ ਬਣਦੀ ਹੈ। ਸੀਪੀਆਈ ਦੇ ਜਿਲਾ ਸਕੱਤਰ ਅਸ਼ੋਕ ਕੌਸ਼ਲ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਦੋਂ ਸਰਦੇ ਪੁਜਦੇ ਪਰਿਵਾਰ ਦਿਵਾਲੀ ਦੇ ਵੱਡੇ ਤਿਉਹਾਰ ਦੀ ਜੋਰ ਸ਼ੋਰ ਨਾਲ ਤਿਆਰੀ ਵਿੱਚ ਜੁਟੇ ਹੋਏ ਹਨ, ਨਰੇਗਾ ਮਜਦੂਰ ਬੀਬੀਆਂ ਭੈਣਾਂ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਨਰੇਗਾ ਕੰਮ ਸ਼ੁਰੂ ਨਾ ਹੋਣ ਕਰਕੇ ਉਨਾਂ ਦੀ ਦਿਵਾਲੀ ਵੀ ਫਿੱਕੀ ਹੈ ਅਤੇ ਚੁੱਲ੍ਹੇ ਵੀ ਠੰਡੇ ਹਨ।
ਰੋਸ ਰੈਲੀ ਨੂੰ ਕਾਮਰੇਡ ਗੁਰਨਾਮ ਸਿੰਘ ਸਰਪੰਚ ਮਾਨੀ ਵਾਲਾ, ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਕੁਲ ਹਿੰਦ ਕਿਸਾਨ ਸਭਾ ਦੇ ਸੁਖਜਿੰਦਰ ਸਿੰਘ ਤੂੰਬੜਭੰਨ, ਮੁਖਤਿਆਰ ਸਿੰਘ ਭਾਣਾ, ਬੋਰਡ ਦੇ ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ, ਸ਼ਿਵ ਨਾਥ ਦਰਦੀ, ਨਰੇਗਾ ਮੇਟ ਬੀਬੀਆਂ ਪਰਮਜੀਤ ਕੌਰ ਅਤੇ ਲਵਪ੍ਰੀਤ ਕੌਰ ਪਿਪਲੀ, ਅੰਜੂ ਕੌਰ ਰਾਜੋਵਾਲਾ, ਸੁਖਾ ਸਿੰਘ ਰਤੀ ਰੋੜੀ, ਸੁਖਜੀਤ ਕੌਰ ਕਿਲਾ ਨੌ, ਕੋਮਲ ਕੌਰ ਮਚਾਕੀ ਮਲ ਸਿੰਘ, ਨੱਥਾ ਸਿੰਘ ਅਰਾਈਆਂਵਾਲਾ, ਕਰਮਜੀਤ ਕੌਰ ਗੋਲੇਵਾਲਾ, ਸਿਮਰਨਜੀਤ ਕੌਰ ਰੁਪਈਆਂ ਵਾਲਾ, ਨੇਹਾ ਕੌਰ, ਦਰਸ਼ਨ ਸਿੰਘ ਪੱਕਾ, ਗੁਰਵਿੰਦਰ ਮਚਾਕੀ, ਗੁਰਮੇਲ ਸਿੰਘ ਡਗੋ ਰੋਮਾਣਾ, ਗੁਰਭੇਜ ਸਿੰਘ ਦਾਨਾ ਰੋਮਾਣਾ ਆਦਿ ਨੇ ਸੰਬੋਧਨ ਕੀਤਾ। ਕਾਰਜਕਾਰੀ ਮੈਜਿਸਟ੍ਰੇਟ ਗੋਇਲ ਸਾਹਿਬ ਨੇ ਧਰਨੇ ਵਿੱਚ ਪਹੁੰਚ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਐਲਾਨ ਕੀਤਾ ਕਿ ਜੇ ਨਰੇਗਾ ਕਾਮਿਆਂ ਨਾਲ ਬੇਇਨਸਾਫ਼ੀ ਬੰਦ ਨਾ ਕੀਤੀ ਤਾਂ ਲੰਬਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।