ਕੋਟਕਪੂਰਾ, 19 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਪੰਜਗਰਾਈਂ ਕਲਾਂ ਤੋਂ ਗੁਰਪ੍ਰੀਤ ਸਿੰਘ ਬਰਾੜ ਦੀ ਹੋਣਹਾਰ ਬੇਟੀ ਤਪਤਿੰਦਰ ਕੌਰ ਬਰਾੜ ਨੂੰ ਜੱਜ ਬਣਨ ’ਤੇ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈਂ ਨੇ ਪਿੰਡ ਪੁੱਜਣ ’ਤੇ ਨਿੱਘਾ ਸਵਾਗਤ ਕਰਦਿਆਂ ਦੁਸ਼ਾਲਾ ਅਤੇ ਮਹਾਰਾਣਾ ਪ੍ਰਤਾਪ ਦੀ ਤਸਵੀਰ ਦੇ ਕੇ ਕੌਮ ਦੇ ਹੀਰੇ ਨਾਲ ਸਨਮਾਨਿਤ ਕੀਤਾ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਪੂਰੇ ਪਰਿਵਾਰ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ’ਚ ਕਾਮਨਾ ਕੀਤੀ ਕਿ ਇਹ ਹੋਣਹਾਰ ਬੇਟੀ ਸਮਾਜ ’ਚ ਆਪਣਾ ਚੰਗਾ ਯੋਗਦਾਨ ਪਾਵੇ। ਉਹਨਾਂ ਕਿਹਾ ਕਿ ਅੱਜ ਇਸ ਤਰ੍ਹਾਂ ਦੀਆਂ ਬੇਟੀਆਂ ਜਿੱਥੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੀਆਂ ਹਨ, ਉੱਥੇ ਇਲਾਕੇ ਅਤੇ ਪਿੰਡ ਦਾ ਨਾਮ ਵੀ ਰੋਸ਼ਨ ਹੁੰਦਾ। ਉਹਨਾਂ ਆਖਿਆ ਕਿ ਅੱਜ ਸਮਾਜ ਵਿੱਚ ਬੇਟੀਆਂ ਨੂੰ ਜਿੱਥੇ ਵੱਡਾ ਸਤਿਕਾਰ ਮਿਲਦਾ ਹੋਣ ਕਰਕੇ ਪੜ੍ਹ-ਲਿਖ ਕੇ ਸਮਾਜ ਸੇਵਾ ਕਰ ਰਹੀਆਂ ਹਨ, ਉੱਥੇ ਪ੍ਰਸਾਸ਼ਨ ’ਚ ਵੀ ਅੱਜ ਔਰਤ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਸਮਾਜ ਅੱਗੇ ਬੇਨਤੀ ਕੀਤੀ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਪੜਾ ਲਿਖਾ ਕੇ ਚੰਗੇ ਮੁਕਾਮ ’ਤੇ ਭੇਜਣ ਲਈ ਆਪਣਾ ਸਮਾਂ ਦੇਣਾ ਚਾਹੀਦਾ। ਇਸ ਸਮੇਂ ਉਹਨਾਂ ਨਾਲ ਨਵ ਨਿਯੁਕਤ ਜੱਜ ਤਪਤਿੰਦਰ ਕੌਰ ਬਰਾੜ ਦੇ ਮਾਪਿਆਂ ਸਮੇਤ ਇਲਾਕੇ ਦੀਆਂ ਹੋਰ ਵੀ ਉੱਘੀਆਂ ਸਖਸ਼ੀਅਤਾਂ ਹਾਜਰ ਸਨ।