ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਤੇਗ ਬਹਾਦੁਰ ਨਗਰ ਪਿੰਡ ਢਿੱਲਵਾਂ ਕਲਾਂ ਦੀ ਨਵੀ ਬਣੀ ਪੰਚਾਇਤ ਵੱਲੋਂ ਸਮੂਹ ਵੋਟਰਾਂ ਦਾ ਘਰ-ਘਰ ਜਾ ਕੇ ਧੰਨਵਾਦ ਕੀਤਾ ਗਿਆ। ਸਰਪੰਚ ਬੀਬੀ ਬਲਜੀਤ ਕੌਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਉਨਾਂ ਨੇ ਸਾਨੂੰ ਬਹੁਮਤ ਦੇ ਕੇ ਸਾਡੇ ’ਤੇ ਵਿਸ਼ਵਾਸ਼ ਜਿਤਾਇਆ ਹੈ, ਉਸੇ ਤਰਾਂ ਸਭ ਦੀਆਂ ਉਮੀਦਾਂ ’ਤੇ ਖਰੇ ਉਤਰਾਂਗੇ ਅਤੇ ਪਿੰਡ ਦੀ ਭਲਾਈ ਲਈ ਹਰੇਕ ਯਤਨ ਕੀਤੇ ਜਾਣਗੇ। ਯੋਧਵੀਰ ਸਿੰਘ ਨੇ ਆਪਣੀ ਮਾਤਾ ਜੀ ਦੇ ਸਰਪੰਚ ਬਣਨ ਨੂੰ ਪਿੰਡ ਲਈ ਗੌਰਵਮਈ ਪਲ ਦੱਸਦਿਆਂ ਕਿਹਾ ਕਿ ਉਹ ਪਿੰਡ ਦੇ ਹਿਤਾਂ ਲਈ ਹਰ ਸੰਭਵ ਯਤਨ ਕਰਨਗੇ। ਵਿਕਾਸ ਕਾਰਜਾਂ ’ਚ ਸਾਫ-ਸੁਥਰੇ ਵਾਤਾਵਰਣ ਦੀ ਪ੍ਰਵਾਨਗੀ, ਖੇਤੀਬਾੜੀ ਵਿੱਚ ਨਵੀਂ ਤਕਨੀਕਾਂ ਦਾ ਅਪਣਾਉਣ, ਪਾਣੀ ਸੰਭਾਲ ਪ੍ਰਬੰਧਨ ਅਤੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਸਬੰਧੀ ਯੋਜਨਾਵਾਂ ’ਤੇ ਧਿਆਨ ਦਿੱਤਾ ਗਿਆ। ਸਰਪੰਚ ਬੀਬੀ ਬਲਜੀਤ ਕੌਰ ਨੇ ਪਿੰਡ ਨੂੰ ਮਾਡਲ ਪਿੰਡ ਬਣਾਉਣ ਅਤੇ ਸਮੂਹਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਦਾ ਵਿਸ਼ਵਾਸ਼ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਵੀ ਭਰੋਸਾ ਦਿਵਾਇਆ ਕਿ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਨੂੰ ਹਰ ਮੋੜ ’ਤੇ ਤਰੱਕੀ ਦੇ ਰਾਹ ’ਤੇ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਰਸ਼ਨ ਸਿੰਘ ਪੰਚ, ਜਗਸੀਰ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਤਾਰੋ ਕੌਰ ਪੰਚ, ਸੁਖਵੀਰ ਕੌਰ ਪੰਚ, ਮਲਕੀਤ ਸਿੰਘ ਸਾਬਕਾ ਪੰਚ, ਮਨਜੀਤ ਕੌਰ ਸਾਬਕਾ ਪੰਚ, ਇੰਦਰਜੀਤ ਕੌਰ ਸਾਬਕਾ ਪੰਚ, ਪਰਮਜੀਤ ਕੌਰ ਭੋਲੋ ਆਦਿ ਵੀ ਹਾਜ਼ਰ ਸਨ।