ਖਿਡਾਰੀ ਬਿਨਾ ਲਾਈਟ ਤੋਂ ਹਨੇਰੇ ਵਿੱਚ ਤਿਆਰੀਆਂ ਕਰਨ ਲਈ ਮਜਬੂਰ
ਕੋਟਕਪੂਰਾ/ਫਰੀਦਕੋਟ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਕ ਪਾਸੇ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਬੱਚਿਆਂ ਤੇ ਨੋਜਵਾਨਾ ਨੂੰ ਖੇਡਾਂ ਵਿੱਚ ਮੱਲਾਂ ਮਾਰਨ, ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਅਤੇ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਸਮਾਜਸੇਵੀ ਅਰਸ਼ ਸੱਚਰ ਨੇ ਮੁੱਖ ਮੰਤਰੀ ਪੰਜਾਬ ਦੇ ਨਾਮ ਯਾਦ ਪੱਤਰ ਦੇ ਤੌਰ ’ਤੇ ਇਕ ਹੋਰ ਸ਼ਿਕਾਇਤ ਭੇਜਦਿਆਂ ਮੰਗ ਕੀਤੀ ਹੈ ਕਿ ਨਹਿਰੂ ਸਟੇਡੀਅਮ ਫਰੀਦਕੋਟ ਦੀ ਬੇਹੱਦ ਨਾਜੁਕ ਹਾਲਤ ਵੱਲ ਧਿਆਨ ਦਿੱਤਾ ਜਾਵੇ। ਸ਼ਿਕਾਇਤ ਕਰਤਾ ਮੁਤਾਬਿਕ ਮਾਲਵਾ ਖੇਤਰ ਦੇ ਪ੍ਰਸਿੱਧ ਨਹਿਰੂ ਸਟੇਡੀਅਮ ਵਿੱਚ ਮੌਜੂਦਾ ਹਾਲਾਤ ਚਿੰਤਾਜਨਕ ਹਨ, ਕਿਉਂਕਿ ਸਟੇਡੀਅਮ ਵਿੱਚ ਬੱਤੀਆਂ ਨਾ ਹੋਣ ਕਾਰਨ ਸ਼ਾਮ ਅਤੇ ਸਵੇਰ ਦੀ ਖਿਡਾਰੀਆਂ ਦੀ ਪ੍ਰੈਕਟਿਸ (ਰਿਹਰਸਲ) ਬੰਦ ਹੋ ਗਈ ਹੈ। ਕਈ ਸਿਰੜੀ ਖਿਡਾਰੀ ਹਨੇਰੇ ਵਿੱਚ ਭਾਰੀ ਜੋਖਮ ਨਾਲ ਤਿਆਰੀਆਂ ਕਰਨ ਲਈ ਮਜਬੂਰ ਹਨ, ਸੁਰੱਖਿਆ, ਸਫਾਈ ਅਤੇ ਬੁਨਿਆਦੀ ਸਹੂਲਤਾਂ ਦੀ ਭਾਰੀ ਕਮੀ, ਪਖਾਨਿਆਂ ਸਮੇਤ ਸਟੇਡੀਅਮ ਦੀ ਹੋਰ ਮੁਰੰਮਤ ਦੀ ਹਾਲਤ ਵੀ ਬੇਹੱਦ ਖਰਾਬ ਹੈ। ਅਰਸ਼ ਸੱਚਰ ਮੁਤਾਬਿਕ ਨਹਿਰੂ ਸਟੇਡੀਅਮ ਦੀ ਉਕਤ ਹਾਲਤ ਦੇਖ ਕੇ ਜਿੱਥੇ ਖਿਡਾਰੀਆਂ ਦਾ ਮਨੋਬਲ ਟੁੱਟਦਾ ਹੈ, ਉੱਥੇ ਨੌਜਵਾਨਾ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਅਤੇ ਭਰੋਸੇ ਦੀ ਕਮੀ ਪੈਦਾ ਹੋਣੀ ਵੀ ਸੁਭਾਵਿਕ ਹੈ। ਉਹਨਾ ਮੰਗ ਕੀਤੀ ਕਿ ਸਫਾਈ ਦਸਤਾਵੇਜੀ ਲਾਗ ਬੁੱਕ ਨਾਲ ਰੋਜਾਨਾ ਸਫਾਈ ਸਟਾਫ ਤੈਨਾਤ ਕੀਤਾ ਜਾਵੇ, ਸਟੇਡੀਅਮ ਦੀ ਰੋਸ਼ਨੀ ਤੁਰਤ ਬਹਾਲ ਹੋਵੇ, ਖੇਡ ਵਿਭਾਗ ਦੀ ਮੌਕਾ ਜਾਂਚ ਟੀਮ ਭੇਜੀ ਜਾਵੇ।
