ਫਰੀਦਕੋਟ , 10 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਫਰੀਦਕੋਟ ਦੇ ਨਾਲ ਦੀ ਲੰਘਦੀਆਂ ਦੋ ਜੌੜੀਆਂ ਨਹਿਰਾਂ ਦੇ ਸਾਰੇ ਪੁਲ ਇਕੱਠਿਆਂ ਈ ਨਵਨਿਰਮਾਣ ਲਈ ਤੋੜੇ ਜਾਣ ’ਤੇ ਜਿੱਥੇ ਆਮ ਲੋਕਾਂ ਨੂੰ ਥੋੜੀ ਤਕਲੀਫ ਮਹਿਸੂਸ ਹੋ ਰਹੀ ਹੈ, ਉੱਥੇ ਕੰਮ ਦੀ ਗਤੀ ਨੂੰ ਵੇਖਦਿਆਂ ਬਹੁ-ਗਿਣਤੀ ਲੋਕਾਂ ਨੂੰ ਸਾਰੀ ਉਮਰ ਦਾ ਰੋਗ ਕੱਟੇ ਜਾਣ ਦੀ ਤਸੱਲੀ ਹੋ ਜਾਣ ਕਰਕੇ ਸੰਤੁਸ਼ਟੀ ਦਾ ਇਜਹਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੋਟਕਪੂਰਾ ਰੋਡ ਵਾਲੇ ਪੁਲ ਨੂੰ ਤੋੜੇ ਬਿਨਾਂ ਬਰਾਬਰ ਪੁਲ ਬਣਾਇਆ ਜਾਣ ਕਰਕੇ ਭਾਵੇਂ ਪੁਲ ’ਤੇ ਭੀੜ ਰਹਿੰਦੀ ਹੈ ਪਰ ਆਵਾਜਾਈ ਚੱਲਦੀ ਹੋਣ ਕਰਕੇ ਵਾਹਨ ਚਾਲਕ ਵਲਕੇ ਆਉਣ ਦੀ ਬਜਾਇ ਇੱਥੋਂ ਦੀ ਲੰਘਣਾ ਹੀ ਚੰਗਾ ਸਮਝਦੇ ਹਨ। ਇਸ ਸਭ ਕਾਸੇ ’ਚ ਫਰੀਦਕੋਟ ਤੋਂ ਕੋਟਕਪੂਰਾ ਜਾਣ ਲਈ ਸਰਹਿੰਦ ਫੀਡਰ ਨਹਿਰ ਦੇ ਪੁਲ ਦੀ ਖੱਬੇ ਪਾਸੇ ਦੀ ਐਂਗਲ ਆਇਰਨ ਕਿਸੇ ਵਾਹਨ ਨੇ ਟੱਕਰ ਮਾਰ ਕੇ ਤੋੜ ਦਿੱਤੀ ਗਈ ਹੈ, ਜਿਸ ਦਾ ਖੱਪਾ ਪਿਛਲੇ ਕਈ ਦਿਨਾਂ ਤੋਂ ਓਵੇਂ ਜਿਵੇਂ ਪਿਆ ਹੈ। ਹਨੇਰੇ ਸਵੇਰੇ ਜਾਂ ਅੱਗੋਂ ਆ ਰਹੇ ਵਾਹਨ ਤੋਂ ਬਚਦਿਆਂ ਕੋਈ ਵੀ ਵਾਹਨ ਸਿੱਧਾ ਨਹਿਰ ਵਿੱਚ ਉੱਤਰ ਸਕਦ ਹੈ। ਫਰੀਦਕੋਟ ਦੇ ਸੈਰ ਕਰਨ ਵਾਲਿਆਂ ਨੇ ਕਿਹਾ ਕਿ ਇਹ ਸਥਿੱਤੀ ਵੇਖ ਕੇ ਡਰ ਲੱਗਦ ਹੈ ਕਿ ਕਿਤੇ ਕੋਈ ਐਵੇਂ ਮੁਸੀਬਤ ਵਿੱਚ ਨਾ ਫਸ ਜਾਵੇ। ਉਪਰੋਕਤ ਸਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਖੱਪੇ ਨੂੰ ਪੂਰਦਿਆਂ ਮਜਬੂਤ ਉਸਾਰੀ ਕੀਤੀ ਜਾਵੇ। ਲੋਕਾਂ ਨੂੰ ਫੌਰੀ ਰਾਹਤ ਦਿੰਦਿਆਂ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਨੇ ਬੈਰੀਕੇਡ ਵਾਲਾ ਫੱਟਾ ਲਾ ਕੇ ਹਾਦਸੇ ਰੋਕਣ ਦੀ ਕੋਸ਼ਿਸ਼ ਕੀਤੀ ਹੈ।