ਅੰਗਰੇਜ਼ਾਂ ਨੇ ਭਾਰਤ ਛੱਡਣ, ਪੰਜਾਬ ਦੀ ਵੰਡ, ਲੱਖਾਂ ਲੋਕਾਂ ਦੀ ਕੁਰਬਾਨੀ ਤੇ ਅੰਗਰੇਜ਼ੀ ਨੀਤੀਆਂ ‘ਤੇ ਕੀਤੀ ਚਰਚਾ
ਸਰੀ, 26 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਥਾਮਸਨ ਰਿਵਰ ਯੂਨੀਵਰਸਿਟੀ ਕੈਮਲੂਪਸ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਸੁਰਿੰਦਰ ਧੰਜਲ ਦੇ ਵਿਸ਼ੇਸ਼ ਸੱਦੇ ‘ਤੇ ਨਾਮਵਰ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਬੀਤੇ ਦਿਨੀਂ ਯੂਨੀਵਰਸਿਟੀ ਦੇ ਵਿਦਿਅਕ ਮਾਹਰਾਂ, ਵਿਦਿਆਰਥੀਆਂ ਅਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਰੂਬਰੂ ਹੋਏ ਅਤੇ ਉਹਨਾਂ ਨੇ ਭਾਰਤ ਦੀ ਵੰਡ ਅਤੇ ਇਸ ਦੇ ਨਤੀਜਿਆਂ ਸਬੰਧੀ ਕਈ ਅਹਿਮ ਤੱਥ ਸਾਹਮਣੇ ਲਿਆਂਦੇ।
ਡਾ. ਇਸ਼ਤਿਆਕ, ਜੋ ਸਟਾਕਹੋਮ ਯੂਨੀਵਰਸਿਟੀ ਦੇ ਰਾਜਨੀਤੀ ਵਿਦਿਆ ਦੇ ਸਾਬਕਾ ਪ੍ਰੋਫੈਸਰ ਹਨ, ਨੇ ਆਪਣੀ ਪ੍ਰਸਿੱਧ ਕਿਤਾਬ ‘ਲਹੂ ਲੁਹਾਣ ਪੰਜਾਬ’ ’ਤੇ ਆਧਾਰਿਤ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਅੰਗਰੇਜ਼ਾਂ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਇਕ ਦਿਨ ਭਾਰਤ ਛੱਡ ਕੇ ਜਾਣਾ ਪਵੇਗਾ, ਪਰ ਹਾਲਾਤ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਉਹਨਾਂ ਖੁਲਾਸਾ ਕੀਤਾ ਕਿ ਅੰਗਰੇਜ਼ ਹਕੂਮਤ ਨੇ ਸਿਆਸੀ ਮਕਸਦ ਲਈ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਵਿਚਕਾਰ ਫੁੱਟ ਪਾਈ। ਡਾ. ਅਹਿਮਦ ਨੇ ਕਿਹਾ ਕਿ ਸਿੱਖ ਆਗੂਆਂ ਨੇ ਵੀ ਵੱਖਰੇ ਦੇਸ਼ ਦੀ ਮੰਗ ਕੀਤੀ ਸੀ, ਪਰ ਸਿੱਖਾਂ ਦੀ ਗਿਣਤੀ ਘੱਟ ਹੋਣ ਕਾਰਨ ਉਹਨਾਂ ਨੂੰ ਭਾਰਤ ਨਾਲ ਜਾਣ ਦੀ ਚੋਣ ਕਰਨੀ ਪਈ।
ਭਾਰਤ ਦੀ ਆਜ਼ਾਦੀ ਬਾਰੇ ਵਿਚਾਰ ਸਾਂਝੇ ਕਰਦਿਆਂ ਡਾ. ਇਸ਼ਤਿਆਕ ਅਹਿਮਦ ਨੇ ਕਿਹਾ ਕਿ 1947 ਦੀ ਆਜ਼ਾਦੀ ਵਿਸ਼ੇਸ਼ ਕਰ ਕੇ ਪੰਜਾਬ ਦੇ ਲੋਕਾਂ ਲਈ ਖੁਸ਼ੀ ਦੀ ਬਜਾਏ ਬਹੁਤ ਵੱਡਾ ਦੁਖਾਂਤ ਬਣ ਕੇ ਆਈ। ਇੱਕ ਪਾਸੇ ਭਾਰਤੀ ਗੁਲਾਮੀ ਤੋਂ ਮੁਕਤ ਹੋਏ, ਪਰ ਦੂਜੇ ਪਾਸੇ ਲੱਖਾਂ ਪੰਜਾਬੀ ਪਰਿਵਾਰ ਆਪਣੇ ਘਰੋਂ-ਬਾਰੋਂ ਉੱਜੜ ਗਏ। ਖੂਨ-ਖ਼ਰਾਬੇ ਅਤੇ ਹਿੰਸਾ ਕਾਰਨ ਲੱਖਾਂ ਬੇਗੁਨਾਹ ਜਾਨਾਂ ਗੁਆਈਆਂ ਗਈਆਂ। ਉਹਨਾਂ ਇਸ ਨੂੰ “ਖੂਨ ਨਾਲ ਰੰਗੀ ਆਜ਼ਾਦੀ” ਕਹਿੰਦਿਆਂ ਜ਼ੋਰ ਦਿੱਤਾ ਕਿ ਅਸਲੀ ਆਜ਼ਾਦੀ ਉਸ ਸਮੇਂ ਹੋਵੇਗੀ ਜਦੋਂ ਲੋਕ ਆਪਸੀ ਨਫ਼ਰਤ ਨੂੰ ਛੱਡ ਕੇ ਇਨਸਾਨੀਅਤ ਅਤੇ ਭਰਾਤਰੀ ਭਾਵ ਨਾਲ ਰਹਿਣਗੇ।
ਡਾ. ਇਸ਼ਤਿਆਕ ਨੇ ਦੱਸਿਆ ਕਿ ਇਹ ਸਾਰੇ ਤੱਥ ਉਹਨਾਂ ਨੇ ਲੰਬੀ ਖੋਜ ਨਾਲ ਇਕੱਠੇ ਕੀਤੇ ਹਨ। 11 ਸਾਲਾਂ ਦੌਰਾਨ ਉਹਨਾਂ ਨੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਵੰਡ ਦੇ ਗਵਾਹਾਂ ਨਾਲ ਲਗਭਗ 450 ਇੰਟਰਵਿਊ ਕੀਤੀਆਂ। ਉਹਨਾਂ ਦੀਆਂ ਖੋਜਾਂ ’ਤੇ ਆਧਾਰਿਤ ਜਾਣਕਾਰੀਆਂ ਹੀ ‘ਲਹੂ ਲੁਹਾਣ ਪੰਜਾਬ’ ਪੁਸਤਕ ਵਿੱਚ ਦਰਜ ਹਨ, ਜੋ ਅੰਗਰੇਜ਼ੀ ਤੋਂ ਇਲਾਵਾ ਉਰਦੂ, ਹਿੰਦੀ ਤੇ ਪੰਜਾਬੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।
ਸਮਾਗਮ ਵਿੱਚ ਹਾਜ਼ਰ ਜਸਦੀਪ ਸਿੱਧੂ, ਨਵਰੂਪ ਸਿੰਘ, ਮੰਗਾ ਬਾਸੀ, ਸਾਇਮਾ ਫਾਰੂਕੀ, ਡੈਰੇਕ ਕੁੱਕ, ਮਾਈਕਲ ਮਹਿਤਾ, ਰੌਬ ਹੈਨਲੋਨ, ਰਾਦਿਕਾ ਤਬਰੇਜ਼, ਸਰਫ਼ਰਾਜ ਸ਼ਫੀਕ, ਜ਼ੁਬੈਰ ਰਾਜਾ, ਰਿਫ਼ਤ ਸਈਦ, ਪੌਲ ਕਲਾਰਕ, ਨੋਮਾਨ ਡੋਗਰ, ਮੈਟਿਓ ਫਟੋਰ ਨੇ ਵੰਡ ਦੇ ਸਮੇਂ ਦੀ ਰਾਜਨੀਤਕ ਭੂਮਿਕਾ ਅਤੇ ਅੰਗਰੇਜ਼ੀ ਨੀਤੀਆਂ ਸਬੰਧੀ ਕਈ ਸਵਾਲ ਕੀਤੇ, ਜਿਨ੍ਹਾਂ ਦੇ ਡਾ. ਅਹਿਮਦ ਨੇ ਵਿਸਥਾਰ ਨਾਲ ਜਵਾਬ ਦਿੱਤੇ। ਅੰਤ ਵਿਚ ਸਾਇਰਾ ਬਾਨੋ ਨੇ ਡਾ. ਇਸ਼ਤਿਆਕ ਅਹਿਮਦ ਅਤੇ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।