ਸਰੀ, 1 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਸ਼ਹਿਰ ਦੀ ਨਾਮਵਰ ਪੰਜਾਬੀ ਸਾਹਿਤਕਾਰ ਇੰਦਰਜੀਤ ਕੌਰ ਸਿੱਧੂ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ 85 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ। ਇੰਦਰਜੀਤ ਕੌਰ ਸਿੱਧੂ ਨੂੰ ਬਹੁਤ ਹੀ ਬੇਬਾਕ ਅਤੇ ਦਲੇਰਾਨਾ ਲੇਖਿਕਾ ਵਜੋਂ ਜਾਣਿਆ ਜਾਂਦਾ ਹੈ। ਸਾਹਿਤਕ ਸਫ਼ਰ ਵਿਚ ਉਨ੍ਹਾਂ ਦੇ ਕਰੀਬੀ ਰਹੇ ਸਰੀ ਦੇ ਸਹਿਤਕਾਰਾਂ ਨੇ ਆਪਣੇ ਵੱਖ-ਵੱਖ ਸੋਗਮਈ ਸੁਨੇਹਿਆਂ ਵਿੱਚ ਉਹਨਾਂ ਦੀ ਮੌਤ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਹਨਾਂ ਦੇ ਬਹੁਤ ਹੀ ਕਰੀਬੀ ਰਹੇ ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਹੈ ਕਿ ਇੰਦਰਜੀਤ ਕੌਰ ਦੀ ਮੌਤ ਨਾਲ ਅਸੀਂ ਆਪਣਾ ਇੱਕ ਅਨਮੋਲ ਹੀਰਾ ਗਵਾ ਦਿੱਤਾ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਹੈ। ਉਹ ਬਹੁਤ ਹੀ ਦਲੇਰ ਤੇ ਸਿੱਧੀ ਸਾਧੀ ਲੇਖਿਕਾ ਸਨ। ਅਸੀਂ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਾਂਗੇ ਅਤੇ ਉਹ ਹਮੇਸ਼ਾ ਪੰਜਾਬੀ ਲੇਖਕਾਂ ਲਈ ਇੱਕ ਮੀਲ ਪੱਥਰ ਬਣੇ ਰਹਿਣਗੇ।
ਵੈਨਕੂਵਰ ਵਿਚਾਰ ਮੰਚ ਦੇ ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੇ ਵੀ ਉਹਨਾਂ ਦੀ ਮੌਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇੰਦਰਜੀਤ ਕੌਰ ਸਿੱਧੂ ਪੰਜਾਬੀ ਸਾਹਿਤ ਵਿੱਚ ਇੱਕ ਵਿਲੱਖਣ ਸਾਹਿਤਕਾਰ ਸਨ। ਉਨਾਂ ਸਾਹਿਤ ਰਚਿਆ ਹੀ ਨਹੀਂ ਬਲਕਿ ਸਾਹਿਤ ਜੀਵਿਆ ਹੈ। ਬੇਬਾਕ, ਬਿਨਾ ਕਿਸੇ ਡਰ ਭੈਅ ਦੇ ਹਰ ਇੱਕ ਬੇਇਨਸਾਫੀ ਦੇ ਖਿਲਾਫ ਉਹਨਾਂ ਡਟ ਕੇ ਲਿਖਿਆ ਹੈ। ਬੇਸ਼ਕ ਉਹ ਸਾਨੂੰ ਸਰੀਰਕ ਤੌਰ ‘ਤੇ ਵਿਛੋੜਾ ਦੇ ਗਏ ਹਨ ਪਰ ਉਹਨਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਜੀਵਿਤ ਰਹਿਣਗੀਆਂ। ਮੋਹਨ ਗਿੱਲ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ
ਜ਼ਿਕਰਯੋਗ ਹੈ ਕਿ ਇੰਦਰਜੀਤ ਕੌਰ ਸਿੱਧੂ ਨੇ ਕਵਿਤਾ ਅਤੇ ਵਾਰਤਕ ਦੇ ਰੂਪ ਵਿਚ ਤਿੰਨ ਦਰਜਨ ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਪੰਜਾਬ ਵਿੱਚ ਰਹਿੰਦੇ ਹੋਏ ਉਹਨਾਂ ਨੇ 84 ਦੇ ਹਰਿਮੰਦਰ ਸਾਹਿਬ ‘ਤੇ ਹਮਲੇ ਸਮੇਂ ‘ਅਕਾਲ ਤਖਤ ਦੀ ਵਾਰ’ ਲਿਖੀ ਸੀ ਜਿਸ ‘ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ। ਉਸ ਤੋਂ ਬਾਅਦ ਕਨੇਡਾ ਆ ਕੇ ਸਾਹਿਤ ਜਗਤ ਵਿੱਚ ਉਹਨਾਂ ਨੇ ਭਰਪੂਰ ਹਾਜਰੀ ਲਗਵਾਈ। ਉਹ ਸਰੀ ਤੋਂ ਛਪਦੇ ਹਫਤਾਵਾਰੀ ਅਖਬਾਰ ‘ਇੰਡੋ ਕੈਨੇਡੀਅਨ ਟਾਈਮਜ਼’ ਵਿਚ ਆਪਣੇ ਲੜੀਵਾਰ ਕਾਲਮ ਵਿਚ ਹਰ ਇਕ ਧੱਕੇਸ਼ਾਹੀ ਅਤੇ ਗ਼ੈਰ ਸਮਾਜਿਕ ਵਰਤਾਰੇ ਵਿਰੁੱਧ ਧੜੱਲੇ ਨਾਲ ਲਿਖਿਆ ਅਤੇ ਆਪਣੀ ਲੇਖਣੀ ਰਾਹੀਂ ਹਮੇਸ਼ਾ ਸਹੀ ਲੋਕਾਂ ਦੇ ਹੱਕ ਵਿੱਚ ਵੀ ਆਵਾਜ਼ ਬੁਲੰਦ ਕੀਤੀ।
ਇਸੇ ਦੌਰਾਨ ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਗਜ਼ਲ ਮੰਚ ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਸੁਖਜੀਤ ਕੌਰ ਅਤੇ ਗੁਰਮੀਤ ਸਿੱਧੂ, ਰੇਡੀਓ ਹੋਸਟ ਅੰਗਰੇਜ਼ ਬਰਾੜ, ਪ੍ਰਸਿੱਧ ਵਿਦਵਾਨ ਡਾ. ਗੁਵਿੰਦਰ ਸਿੰਘ ਧਾਲੀਵਾਲ ਅਤੇ ਬਹੁਤ ਸਾਰੇ ਲੇਖਕਾਂ ਨੇ ਵੀ ਇੰਦਰਜੀਤ ਕੌਰ ਦੀ ਦੇਸ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।