ਅਰਪਨ ਲਿਖਾਰੀ ਸਭਾ ਵੱਲੋਂ 15 ਜੂਨ 2024 ਨੂੰ ਕੈਲਗਰੀ ਵਿਚ ਹੋਵੇਗਾ ਸਨਮਾਨ ਸਮਾਰੋਹ
ਸਰੀ, 7 ਜੂਨ (ਹਰਦਮ ਸਿੰਘ ਮਾਨ/ਵਰਲਡ ਪੰਜਾਬੀ ਟਾਈਮਜ਼)
ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਇਸ ਸਾਲ (2024) ਦਾ ‘ਇਕਬਾਲ ਅਰਪਨ’ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ 15 ਜੂਨ 2024 ਨੂੰ ਸਭਾ ਵੱਲੋਂ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਜਾ ਰਹੇ ਆਪਣੇ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।
ਜਸਵਿੰਦਰ ਨੂੰ ਇਹ ਸਨਮਾਨ ਲਈ ਚੁਣੇ ਜਾਣ ‘ਤੇ ਸਰੀ, ਵੈਨਕੂਵਰ ਖੇਤਰ ਦੇ ਸਾਹਿਤਕਾਰਾਂ, ਵਿਦਵਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਸਵਿੰਦਰ ਨੂੰ ਮੁਬਾਰਕਬਾਦ ਦਿੱਤੀ ਹੈ। ਜਸਵਿੰਦਰ ਨੂੰ ਵਧਾਈ ਦਿੰਦਿਆਂ ਡਾ. ਸਾਧੂ ਸਿੰਘ, ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਕ੍ਰਿਸ਼ਨ ਭਨੋਟ, ਹਰਦਮ ਮਾਨ, ਦਸ਼ਮੇਸ਼ ਗਿੱਲ ਫ਼ਿਰੋਜ਼, ਗੁਰਮੀਤ ਸਿੱਧੂ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਸੁਰਿੰਦਰ ਚਾਹਲ, ਸੁਖਵਿੰਦਰ ਸਿੰਘ ਚੋਹਲਾ, ਰਣਧੀਰ ਢਿੱਲੋਂ, ਗਬਰਚਰਨ ਟੱਲੇਵਾਲੀਆ, ਡਾ. ਸੁਖਵਿੰਦਰ ਵਿਰਕ ਅਤੇ ਨਵਰੂਪ ਸਿੰਘ ਨੇ ਕਿਹਾ ਹੈ ਕਿ ਅਰਪਨ ਲਿਖਾਰੀ ਸਭਾ ਕੈਲਗਰੀ ਨੇ ਉਸ ਦੀ ਚੋਣ ਕਰ ਕੇ ਪੰਜਾਬੀ ਸ਼ਾਇਰਾਂ ਦਾ ਮਾਣ ਸਨਮਾਨ ਉੱਚਾ ਕੀਤਾ ਹੈ।
ਵਰਨਣਯੋਗ ਹੈ ਕਿ ਜਸਵਿੰਦਰ ਨੂੰ ਭਾਰਤੀ ਸਾਹਿਤ ਅਕੈਡਮੀ ਦਾ ਵਡੇਰਾ ਐਵਾਰਡ ਹਾਸਲ ਹੋਣ ਦਾ ਫ਼ਖ਼ਰ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2012 ਲਈ ਉਸ ਨੂੰ ਸ਼ਰੋਮਣੀ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤਕ ਐਵਾਰਡ, ਮਾਣ ਸਨਮਾਨ ਉਸ ਦੀ ਸ਼ਾਇਰੀ ਦੇ ਹਿੱਸੇ ਆਏ ਹਨ।
ਜਸਵਿੰਦਰ ਮੁੱਖ ਤੌਰ ‘ਤੇ ਗ਼ਜ਼ਲ ਲਿਖਦਾ ਹੈ ਅਤੇ ਉਸ ਦੀਆਂ ਗ਼ਜ਼ਲਾਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ-‘ਕਾਲੇ ਹਰਫ਼ਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’। ਜਸਵਿੰਦਰ ਦੀ ਸ਼ਾਇਰੀ ਨਵੀਂ ਪੰਜਾਬੀ ਗਜ਼ਲ ਵਿਚ ਆਪਣਾ ਮਿਆਰੀ ਮੁਕਾਮ ਰੱਖਦੀ ਹੈ। ਉਸ ਦੇ ਸ਼ਿਅਰਾਂ ‘ਚ ਪੁਖ਼ਤਗੀ ਵੀ ਹੈ, ਰਵਾਨਗੀ ਵੀ ਹੈ, ਸੁਹਜ, ਸਹਿਜ ਤੇ ਸਵੱਛਤਾ ਵੀ ਹੈ। ਉਹਦੀ ਗਜ਼ਲ ਵਿਚ ਹਰੇਕ ਸ਼ਿਅਰ ਨਗੀਨੇ ਵਾਂਗ ਜੜਿਆ ਮਿਲਦਾ ਹੈ। ਉਸ ਨੇ ਪੇਂਡੂ ਪੰਜਾਬੀ ਕਿਰਸਾਣੀ ‘ਚੋਂ ਬਿੰਬ ਪ੍ਰਤੀਕ ਵੀ ਵਰਤੇ ਹਨ ਅਤੇ ਪੰਜਾਬੀ ਵਿਚ ਪ੍ਰਚਲਿਤ ਉਰਦੂ-ਫ਼ਾਰਸੀ ਦੀ ਸ਼ਬਦਾਵਲੀ ਨੂੰ ਸਹਿਜ ਰੂਪ ਵਿਚ ਇਸਤੇਮਾਲ ਕੀਤਾ ਹੈ। ਜਸਵਿੰਦਰ ਮਹਾਨ ਅਤੇ ਡੂੰਘੇ ਅਰਥਾਂ ਵਾਲੀ ਕਿਸੇ ਦਾਸਤਾਨ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਹਿਣ ਦਾ ਹੁਨਰ ਵੀ ਰੱਖਦਾ ਹੈ। ਉਹਦੇ ਸ਼ਿਅਰਾਂ ਦੀ ਤਾਜ਼ਗੀ, ਉਡਾਰੀ ਤੇ ਜੜਤ ਦਾ ਆਨੰਦ ਬਿਆਨਿਆ ਨਹੀਂ, ਮਾਣਿਆ ਹੀ ਜਾ ਸਕਦਾ ਹੈ। ਜਸਵਿੰਦਰ ਜਾਗਣ ਅਤੇ ਜਗਾਉਣ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਅਤੇ ਇਸ ਰਸਤੇ ਉੱਤੇ ਅਡੋਲ ਤੁਰ ਰਹੇ ਉਨ੍ਹਾਂ ਮੁਸਾਫ਼ਰਾਂ ਲਈ ਵੀ ਕਲਮ ਚੁੱਕਦਾ ਹੈ ਜੋ ਆਖ਼ਰੀ ਦਮ ਤਕ ਲੜਦੇ ਰਹਿੰਦੇ ਹਨ ਅਤੇ ਦੇਹੀ ਨਾਲ ਸੜ ਕੇ ਵੀ ਨਹੀਂ ਸੜਦੇ।
ਉੱਘੇ ਪੰਜਾਬੀ ਸ਼ਾਇਰ ਰਵਿੰਦਰ ਸਹਿਰਾਅ ਦੇ ਸ਼ਬਦਾਂ ਵਿਚ “ਸੋਹਣਾ ਸੁਨੱਖਾ ਤੇ 6 ਫੁੱਟ ਉੱਚੇ ਕੱਦ ਵਾਲਾ ਜਸਵਿੰਦਰ ਦਿਲ ਦਾ ਵੀ ਉਨਾ ਹੀ ਖੂਬਸੂਰਤ ਹੈ। ਭਾਰਤ ਦੇ ਹਰ ਕੋਨੇ ਵਿਚ ਉਹ ਪੰਜਾਬੀ ਦੇ ਨਾਮਵਰ ਸ਼ਾਇਰਾਂ ਨਾਲ ਆਪਣਾ ਕਲਾਮ ਸੁਣਾ ਚੁੱਕਿਆ ਹੈ। ਇਨਾਮਾਂ ਮਗਰ ਉਹ ਕਦੇ ਨਹੀਂ ਦੌੜਿਆ, ਸਗੋਂ ਇਨਾਮ ਉਹਦੇ ਮਗਰ ਦੌੜਦੇ ਰਹੇ ਹਨ।”