ਕੋਟਕਪੂਰਾ, 4 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੀ 25 ਜੁਲਾਈ ਨੂੰ ਨੰਨਜ਼ (ਸਿਸਟਰਜ਼) ਪ੍ਰੀਤੀ ਮੈਰੀ ਅਤੇ ਵੰਦਨਾ ਫਰਾਂਸਿਸ ਨੂੰ ਸੁਕਮਨ ਮੰਡਵੀ ਨਾਲ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ’ਤੇ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਨੇ ਬਜਰੰਗ ਦਲ ਦੇ ਇੱਕ ਸਥਾਨਕ ਅਹੁਦੇਦਾਰ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਜਿਸ ਨੇ ਉਨ੍ਹਾਂ ’ਤੇ ਰਾਜ ਦੇ ਆਦਿਵਾਸੀ-ਪ੍ਰਭਾਵਸ਼ਾਲੀ ਨਾਰਾਇਣਪੁਰ ਜ਼ਿਲ੍ਹੇ ਦੀਆਂ ਤਿੰਨ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਅਤੇ ਉਨ੍ਹਾਂ ਦੀ ਤਸਕਰੀ ਕਰਨ ਦਾ ਦੋਸ਼ ਲਾਇਆ ਸੀ। ਇਨ੍ਹਾਂ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਦੀ ਘਟਨਾ ਦੇ ਵਿਰੋਧ ਬੀਤੇ ਕੱਲ ਫਰੀਦਕੋਟ ਜਿਲੇ ਦੇ ਮਸੀਹੀ ਭਾਈਚਾਰੇ ਵੱਲੋ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਪਹੁੰਚ ਕੇ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਫਾਦਰ ਜੌਨ ਤੇਜਾ ਪੈਰਿਸ਼ ਪ੍ਰੀਸਟ ਸੇਂਟ ਜੋਸਫ਼ ਕੈਥੋਲਿਕ ਚਰਚ ਕੋਟਕਪੂਰਾ ਨੇ ਦੱਸਿਆ ਕਿ ਅਸੀਂ (ਮਸੀਹ) ਸਦਾ ਤੋਂ ਦੇਸ਼ ਦੀ ਏਕਤਾ, ਭਾਈਚਾਰੇ ਅਤੇ ਅਮਨ ਲਈ ਪ੍ਰਾਰਥਨਾਵਾਂ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਦੇ ਆਏ ਹਾਂ। ਅਸੀਂ ਸੰਵਿਧਾਨ, ਕਾਨੂੰਨ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਦੇ ਨਿਆਂ ਉੱਤੇ ਪੂਰਾ ਵਿਸ਼ਵਾਸ ਰੱਖਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਮਾਮਲੇ ਵਿੱਚ ਤੁਰਤ ਕਾਰਵਾਈ ਹੋਵੇਗੀ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਦੋਵੇਂ ਨੰਨਜ਼ ਨੂੰ ਤੁਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਤੋਂ ਜਨਤਕ ਮਾਫੀ ਮੰਗੀ ਜਾਵੇ। ਇਸ ਮੌਕੇ ਐਡਵੋਕੇਟ ਸੈਮੁਅਲ ਮਸੀਹ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ’ਤੇ ਬਜਰੰਗ ਦਲ ਵੱਲੋਂ ਧਮਕੀਆਂ ਅਤੇ ਝੂਠੇ ਦੋਸ਼ਾਂ ਦੇ ਆਧਾਰ ’ਤੇ ਦੋ ਨੰਨਜ਼ (ਸਿਸਟਰਜ਼) ਉੱਤੇ ਧਰਮ ਪਰਿਵਰਤਨ ਦੇ ਗ਼ਲਤ ਦੋਸ਼ ਲਾ ਕੇ ਪੁਲਿਸ ਵੱਲੋਂ ਗਿ੍ਰਫ਼ਤਾਰੀ ਕਰਵਾਈ ਗਈ। ਇਹ ਗ੍ਰਿਫ਼ਤਾਰੀ ਕਿਸੇ ਕਾਨੂੰਨੀ ਜਾਂਚ ਨਾਲ ਨਹੀਂ ਹੋਈ, ਬਲਕਿ ਸਿਰਫ ਚਰਮਪੰਥੀ ਤਾਕਤਾਂ ਦੇ ਦਬਾਅ ਹੇਠ ਕੀਤੀ ਗਈ ਹੈ। ਚਰਮਪੰਥੀ ਤਾਕਤਾਂ ਵੱਲੋਂ ਮਸੀਹੀ ਭਾਈਚਾਰਿਆਂ ਉਤੇ ਉਲਟੇ-ਸਿੱਧੇ ਦੋਸ਼ ਲਾਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਚਿੰਤਾਜਨਕ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਫਾਦਰ ਜੌਨ ਤੇਜਾ, ਫਾਦਰ ਸਿਲਵਿਨੋਸ, ਫਾਦਰ ਦੀਪਕ, ਐਡਵੋਕੇਟ ਸੈਮੁਅਲ ਮਸੀਹ, ਪਾਸਟਰ ਸੇਵਕ ਸਿੱਧੂ ਪ੍ਰਧਾਨ ਮਾਲਵਾ ਜੋਨ ਪੰਜਾਬ ਕ੍ਰਿਸ਼ਚੀਅਨ ਫੈਡਰੇਸ਼ਨ ਮਦਰ ਫਿਲੀਮਾ, ਸਿਸਟਰ ਮਾਧੁਰੀ, ਸਿਸਟਰ ਮੀਨੂ, ਸਿਸਟਰ ਲੈਪਣਸ਼ੁਕ, ਪਾਸਟਰ ਪਰਦੀਪ, ਪਾਸਟਰ ਸੈਮੁਅਲ, ਪਾਸਟਰ ਕਰਮ, ਪਾਸਟਰ ਯਹੁੰਨਾ, ਗੋਗੀ ਮਸੀਹ, ਪਿੱਪਲ ਮਸੀਹ, ਬਲਵੀਰ ਮਸੀਹ, ਮੁਨਸ਼ੀ ਭੱਟੀ, ਮਾਸਟਰ ਜਗਸੀਰ, ਇਮੈਨੁਅਲ, ਗਗਨ ਮਚਾਕੀ ਅਤੇ ਭਾਰੀ ਗਿਣਤੀ ਵਿਚ ਮਸੀਹ ਭਾਈਚਾਰੇ ਦੇ ਲੋਕ ਹਾਜ਼ਰ ਸਨ।