ਪਲਾਸਟਿਕ ਡੋਰ ਵਰਤਣ ਤੇ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਦੀ ਮੰਗ
ਪਵਿੱਤਰ ਤਿਉਹਾਰ ਨੂੰ ਦੂਸ਼ਿਤ ਨਾ ਕਰਨ ਦਾ ਸੁਨੇਹਾ
ਸੰਗਰੂਰ 9 ਜਨਵਰੀ, (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ,ਕ੍ਰਿਸ਼ਨ ਸਿੰਘ,ਸੀਤਾ ਰਾਮ ਬਾਲਦ ਕਲਾਂ,ਗੁਰਦੀਪ ਸਿੰਘ ਲਹਿਰਾ, ਚਰਨ ਕਮਲ ਸਿੰਘ ,ਪ੍ਰਗਟ ਸਿੰਘ ਬਾਲੀਆਂ ਤੇ ਗੁਰਜੰਟ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪਤੰਗਬਾਜੀ ਲਈ ਵਰਤੀ ਜਾਂਦੀ ਪਲਾਸਟਿਕ/ਚਾਇਨਾ ਡੋਰ ਮਨੁੱਖ , ਬੱਚਿਆਂ ਤੇ ਪੰਛੀਆਂ ਲਈ ਅਤੀ ਘਾਤਕ ਹੈ।ਇਸ ਨੂੰ ਕਿਸੇ ਵੀ ਹਾਲਤ ਵਿੱਚ ਵਰਤਣਾ ਉਚਿਤ ਨਹੀਂ। ਉਨ੍ਹਾਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸਨੂੰ ਵੇਚਣ ਤੇ ਵਰਤਣ ਵਾਲਿਆਂ ਤੇ ਸਖਤੀ ਨਾਲ ਪੇਸ਼ ਆਉਣ ਦੀ ਮੰਗ ਕੀਤੀ ਹੈ ਉਥੇ ਇਸ ਨੂੰ ਵੇਚਣ ਤੇ ਪਤੰਗਬਾਜ਼ੀ ਲਈ ਵਰਤਣ ਵਾਲਿਆਂ ਨੂੰ ਇਸ ਤੋਂ ਗ਼ੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਕਰਦੇ ਬੱਚਿਆਂ ਤੇ ਨੌਜਵਾਨਾਂ ਤੇ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਇਸ ਦੇ ਨੁਕਸਾਨ ਦੱਸ ਇਸ ਦੀ ਵਰਤੋਂ ਨਾ ਕਰਨ ਲਈ ਸਮਝਾਉਣਾ ਚਾਹੀਦਾ ਹੈ,ਇਸਦੀ ਵਰਤੋਂ ਕਰਨ ਵਾਲਿਆਂ ਤੇ ਸਖਤੀ ਕਰਨ ਦੀ ਮੰਗ ਕੀਤੀ ਹੈ । ਪਤੰਗਬਾਜ਼ੀ ਸਮੇਂ ਪਲਾਸਟਿਕ ਡੋਰ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਤੇ ਜਿਉਂ ਜਿਉਂ ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ ਤਿਉਂ ਤਿਉਂ ਲੋਕਾਂ ਦੇ ਦਿਲਾਂ ਅੰਦਰ ਚਾਇਨਾ ਡੋਰ ਦਾ ਡਰ ਵੱਧਦਾ ਜਾ ਰਿਹਾ ਹੈ । ਨਾ ਟੁੱਟਣ ਕਰਕੇ ਇਹ ਡੋਰ ਮਨੁੱਖ ਤੇ ਪੰਛੀਆਂ ਦੇ ਅੰਗ ਕੱਟ ਕੇ ਲੈ ਜਾਂਦੀ ਹੈ ਤੇ ਪਵਿੱਤਰ ਤਿਓਹਾਰਾਂ ਨੂੰ ਦੂਸ਼ਿਤ ਕਰ ਦਿੱਤਾ ਜਾਂਦਾ ਹੈ।