ਸਰੀ, 27 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਫਿਰੌਤੀ ਅਤੇ ਅਪਰਾਧਿਕ ਸਰਗਰਮੀਆਂ ਦੇ ਵਧਦੇ ਮਾਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ‘ਪਬਲਿਕ ਫੋਰਮ ਅਗੇਨਸਟ ਐਸਟੋਰਸ਼ਨ’ ਵੱਲੋਂ ਅੱਜ ਸਰੀ ਦੇ ਬੇਅਰ ਕਰੀਕ ਪਾਰਕ ਦੇ ਕਿਨਾਰੇ ਕਿੰਗ ਜੋਰਜ ਰੋਡ ਉੱਤੇ ਜਨਤਕ ਇਕੱਠ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਹੱਥਾਂ ਵਿੱਚ ਤਖਤੀਆਂ ਫੜ੍ਹ ਕੇ ਕਰੀਬ ਤਿੰਨ ਘੰਟੇ ਤੱਕ ਸੜਕ ਕਿਨਾਰੇ ਖੜ੍ਹੇ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ।
ਇਕੱਠ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਲੋਅਰ ਮੇਨਲੈਂਡ ਖੇਤਰ ਵਿੱਚ ਫਿਰੌਤੀ ਵਰਗੇ ਅਪਰਾਧ ਲੋਕਾਂ ਦੀ ਜਾਨ-ਮਾਲ ਲਈ ਗੰਭੀਰ ਖ਼ਤਰਾ ਬਣ ਰਹੇ ਹਨ। ਉਨ੍ਹਾਂ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।
ਇਕੱਠ ਵੱਲੋਂ ਮੁੱਖ ਤੌਰ ‘ਤੇ ਇਹ ਮੰਗਾਂ ਰੱਖੀਆਂ ਗਈਆਂ—
• ਪੁਲਿਸ ਫੋਰਸ ਵਿੱਚ ਲੋੜ ਅਨੁਸਾਰ ਵਾਧਾ ਕੀਤਾ ਜਾਵੇ।
• ਫਿਰੌਤੀ ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਸਖ਼ਤ ਕਾਨੂੰਨ ਲਿਆਂਦੇ ਜਾਣ।
• ਫੜੇ ਗਏ ਅਪਰਾਧੀਆਂ ਦੀ ਪਛਾਣ ਜਨਤਕ ਕੀਤੀ ਜਾਵੇ।
• ਸਵੈ-ਰੱਖਿਆ ਅਤੇ ਜਾਨ-ਮਾਲ ਦੀ ਰਾਖੀ ਲਈ ਕਾਨੂੰਨੀ ਢਾਂਚੇ ਦੀ ਸਮੀਖਿਆ ਕਰਕੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ।
• ਲੋਅਰ ਮੇਨਲੈਂਡ ਦੇ ਮੌਜੂਦਾ ਐਮਪੀ ਅਤੇ ਐਮਐਲਏ ਦੀ ਜਨਤਕ ਜਵਾਬਦੇਹੀ ਤੈਅ ਕੀਤੀ ਜਾਵੇ।
ਇਸ ਜਨਤਕ ਇਕੱਠ ਵਿੱਚ ਰਾਜਵੀਰ ਢਿੱਲੋਂ, ਗੈਰੀ ਪੁਰੇਵਾਲ, ਅਮਰੀਕ ਸਿੱਧੂ, ਜਸਦੀਪ ਸਿੱਧੂ, ਨਵਰੂਪ ਸਿੰਘ, ਅੰਮ੍ਰਿਤ ਢੋਟ, ਜਸਵੀਰ ਚਾਹਲ, ਗੁਰਿੰਦਰ ਕਾਹਲੋਂ, ਇਕਬਾਲ ਸਿੱਧੂ, ਰਿੱਕੀ ਬਾਜਵਾ, ਬਲਦੀਪ ਝੰਡ, ਹਰਵਿੰਦਰ ਪੱਤੜ, ਹੋਨਵੀਰ ਰੰਧਾਵਾ, ਜੀਸ਼ਾਨ ਵਾਹਲਾ ਅਤੇ ਐਮਐਲਏ ਮਨਦੀਪ ਧਾਲੀਵਾਲ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਆਮ ਨਾਗਰਿਕਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਰਾਜਵੀਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਫਰਵਰੀ ਨੂੰ ਵੱਡੇ ਪੱਧਰ ‘ਤੇ ਹੋਰ ਜਨਤਕ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਅੱਗਲੇਰੀ ਸੰਘਰਸ਼ੀ ਰਣਨੀਤੀ ਅਤੇ ਕਾਰਵਾਈ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਜੁੜ ਕੇ ਸਮਾਜਿਕ ਸੁਰੱਖਿਆ ਲਈ ਇਕੱਠੇ ਹੋਣ। ਇਕੱਠ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ ਅਤੇ ਆਯੋਜਕਾਂ ਨੇ ਕਿਹਾ ਕਿ ਜਦ ਤੱਕ ਲੋਕਾਂ ਦੀ ਸੁਰੱਖਿਆ ਸੰਬੰਧੀ ਮੰਗਾਂ ‘ਤੇ ਠੋਸ ਕਦਮ ਨਹੀਂ ਚੁੱਕੇ ਜਾਂਦੇ, ਉਹ ਆਪਣੀ ਲੋਕਤਾਂਤਰਿਕ ਲੜਾਈ ਜਾਰੀ ਰੱਖਣਗੇ।
