ਸਪੀਕਰ ਸੰਧਵਾਂ ਵਲੋਂ ਚੁਣੀਆਂ ਨਵੀਆਂ ਪੰਚਾਇਤਾਂ ਦਾ ਪ੍ਰਸੰਸਾ ਪੱਤਰ ਨਾਲ ਸਨਮਾਨ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਕੋਟਕਪੂਰਾ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਹਲਕੇ ਦੀਆਂ ਪੰਚਾਇਤਾਂ ਦੇ ਸਨਮਾਨ ਲਈ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਜ਼ਿਲਾ ਪੁਲਿਸ ਮੁਖੀ ਡਾ. ਪ੍ਰੀਗਿਆ ਜੈਨ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਪੀਕਰ ਸੰਧਵਾਂ ਨੇ ਸਾਰੀਆਂ ਪੰਚਾਇਤਾਂ ਦੇ ਨੁਮਾਂਇੰਦਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਪਿੰਡਾਂ ’ਚ ਭਾਈਚਾਰਕ ਸਾਂਝ ਬਣਾ ਕੇ ਤੰਦਰੁਸਤ ਸਮਾਜ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨ੍ਹਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਮੌਕੇ ਹਲਕੇ ’ਚ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ, ਵਿਤਕਰੇਬਾਜ਼ੀ ਜਾਂ ਪੱਖਪਾਤ ਨਹੀਂ ਹੋਇਆ ਅਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ। ਉਨ੍ਹਾਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਆਪਣੇ ਅਖਤਿਆਰੀ ਕੋਟੇ ਵਿੱਚੋਂ 5-5 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਅਲੱਗ ਤੋਂ 5-5 ਲੱਖ ਰੁਪਏ ਮਿਲਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਉਣ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ ਤੇ ਆਉਣ ਵਾਲੇ ਸਮੇਂ ਵੀ ਵਿਕਾਸ ਕਾਰਜ ਹੋਰ ਤੇਜ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਰੀਬ 15 ਕਰੋੜ ਦੀ ਗ੍ਰਾਂਟ ਲੋਕ ਸੇਵਾ ’ਚ ਲਾ ਦਿੱਤੀ ਗਈ ਹੈ, 10 ਕਰੋੜ ਰੁਪਏ ਨਹਿਰੀ ਪਾਣੀ ਲਈ ਪਾਈਪ ਲਾਈਨ ਅਤੇ ਕਰੋੜਾਂ ਰੁਪਏ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਲਈ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਫਸਲਾਂ ਦੀ ਤੇਜ਼ੀ ਨਾਲ ਆਮਦ ਹੋ ਰਹੀ ਹੈ, ਫਸਲ ਦੀ ਚੁਕਾਈ ਲਈ ਸਰਕਾਰ ਵਲੋਂ ਹਰ ਯਤਨ ਕਰ ਰਹ ਹਨ ਪਰ ਫਸਲ ਦੀ ਆਮਦ ਇਕ ਦਮ ਤੇਜ ਹੋਣ ਕਾਰਨ ਲਿਫਟਿੰਗ ਦੀ ਰਫ਼ਤਾਰ ਘੱਟ ਹੈ ਤੇ ਆਉਣ ਵਾਲੇ ਦਿਨਾਂ ’ਚ ਸਾਰੀ ਫਸਲ ਜਲਦੀ ਵਿਕੇਗੀ ਅਤੇ ਚੁਕਵਾਈ ਵੀ ਜਲਦ ਹੋ ਜਾਵੇਗੀ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਆੜ੍ਹਤੀਆਂ, ਮਜ਼ਦੂਰਾਂ, ਮਿੱਲਰਾਂ, ਟਰਾਂਸਪੋਰਟਰਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰਹੇ ਤੇ ਬਿਮਾਰੀਆਂ ਤੋਂ ਵੀ ਬਚਾਅ ਰਹੇ।