ਫਰੀਦਕੋਟ, 7 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਹੁਕਮ ਜਾਰੀ ਕਰਕੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਨੰਬਰਦਾਰਾਂ, ਸਰਪੰਚਾਂ ਨੂੰ ਪਿੰਡਾਂ ਲਈ ਨਿਯੁਕਤ ਨੋਡਲ ਅਫਸਰਾਂ, ਕਲੱਸਟਰ ਅਫਸਰਾਂ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਉਣੀ-2024 ਸੀਜਨ ਚਲ ਰਿਹਾ ਹੈ, ਜਿਸ ’ਚ ਕਿਸਾਨਾਂ ਵੱਲੋਂ ਆਪਣੀ ਝੋਨੇ ਦੀ ਫਸਲ ਦੀ ਕਟਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਨਾਲ-ਨਾਲ ਸਰਕਾਰ ਦੀ ਨੁਮਾਇੰਦਗੀ ਕਰਨ ਵਾਲੇ ਸਰਪੰਚਾਂ, ਪੰਚਾਂ ਅਤੇ ਨੰਬਰਦਾਰ ਸਾਹਿਬਾਨ ਦਾ ਵੀ ਫਰਜ ਬਣਦਾ ਹੈ ਕਿ ਉਹ ਲੋਕਾਂ ਨੂੰ ਫਸਲ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਉਹ ਆਪ ਵੀ ਆਪਣੇ ਖੇਤਾਂ ਵਿੱਚ ਪਰਾਲੀ ਵਗੈਰਾ ਨੂੰ ਅੱਗ ਨਾ ਲਾ ਕੇ ਲੋਕਾਂ ਲਈ ਮਿਸਾਲ ਪੈਦਾ ਕਰਨ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ ਨੰਬਰਦਾਰ ਅਤੇ ਪੰਚਾਇਤ ਮੈਂਬਰ ਆਮ ਲੋਕਾਂ ਵੱਲੋਂ ਚੁਣੇ ਗਏ ਸਰਕਾਰ ਦੇ ਨੁਮਾਇੰਦੇ ਹੁੰਦੇ ਹਨ, ਜੋ ਕਿ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ ਪਰ ਇਹ ਦੇਖਣ ’ਚ ਆਇਆ ਹੈ ਕਿ ਇਹਨਾਂ ਵੱਲੋਂ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਹ ਪ੍ਰਥਾ ਠੀਕ ਨਹੀਂ ਹੈ। ਬਤੌਰ ਸਰਕਾਰੀ ਨੁਮਾਇੰਦੇ ਸਰਪੰਚ ਅਤੇ ਪੰਚ ਸਾਹਿਬਾਨ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ’ਚ ਅੱਗ ਨਾ ਲਾਉਣ ਬਲਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪੰਚਾਇਤੀ ਏਰੀਏ ’ਚ ਲੋਕਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰਨ।

