ਕੱਪੜੇ ਦੇ ਥੈਲੇ ਵੰਡ ਕੇ ਵਾਤਾਵਰਣ ਦੀ ਸੰਭਾਲ ਦਾ ਦਿੱਤਾ ਸੱਦਾ : ਛਾਬੜਾ
ਕੋਟਕਪੂਰਾ, 20 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਦੀ ਸ਼ੁੱਧਤਾ ਲਈ ਯਤਨਸ਼ੀਲ ਸੰਸਥਾ ਲਾਇਨਜ ਕਲੱਬ ਕੋਟਕਪੂਰਾ ਰਾਇਲ ਨੇ ਬੂਟੇ ਲਾਉਣ ਅਤੇ ਉਹਨਾ ਦੀ ਸੰਭਾਲ ਯਕੀਨੀ ਬਣਾਉਣ ਤੋਂ ਬਾਅਦ ਪਲਾਸਟਿਕ ਮੁਕਤ ਸਮਾਜ ਦੀ ਸਿਰਜਣਾ ਲਈ ਗੋਦ ਲਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰੀਨੌ ਦੇ ਬੱਚਿਆਂ ਅਤੇ ਸਟਾਫ ਨੂੰ ਕੱਪੜੇ ਦੇ ਬਣੇ ਥੈਲੇ (ਝੋਲੇ) ਵੰਡੇ ਅਤੇ ਉਹਨਾ ਨੂੰ ਪਲਾਸਟਿਕ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ। ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਵਿੱਚ ਹੋਏ ਥੈਲੇ ਵੰਡ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਪਲਾਸਟਿਕ ਦੇ ਵਾਤਾਵਰਣ ਨੂੰ ਪਲੀਤ ਕਰਨ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਇੰਜੀ. ਭੁਪਿੰਦਰ ਸਿੰਘ ਕਮੋਂ ਅਤੇ ਡਾ: ਸੁਨੀਲ ਛਾਬੜਾ ਵੀ ਪੁੱਜੇ ਹੋਏ ਸਨ, ਜਿੰਨਾ ਨੇ ਪਲਾਸਟਿਕ ਦੇ ਲਿਫਾਫਿਆਂ ਅਤੇ ਹੋਰ ਵਸਤੂਆਂ ਨਾਲ ਹੋਣ ਵਾਲੇ ਨੁਕਸਾਨਾ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ। ਮਨਜੀਤ ਸਿੰਘ ਲਵਲੀ, ਨਛੱਤਰ ਸਿੰਘ ਪੁਰਬਾ ਅਤੇ ਬੀਰਇੰਦਰਪਾਲ ਸ਼ਰਮਾ ਨੇ ਦੱਸਿਆ ਕਿ ਜੇਕਰ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਅਤੇ ਡਿਸਪੋਜਲ ਦੇ ਸਮਾਨ ਨੂੰ ਅਗਨ ਭੇਂਟ ਕੀਤਾ ਜਾਂਦਾ ਹੈ ਤਾਂ ਉਸ ਵਿੱਚੋਂ ਨਿਕਲਣ ਵਾਲੀ ਹਾਨੀਕਾਰਕ ਗੈਸ ਅਨੇਕਾਂ ਭਿਆਨਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ, ਇਸ ਲਈ ਸਾਨੂੰ ਪਲਾਸਟਿਕ ਮੁਕਤ ਸਮਾਜ ਦੀ ਸਿਰਜਣਾ ਕਰਨੀ ਪਵੇਗੀ। ਸਕੂਲ ਦੇ ਮੁੱਖ ਅਧਿਆਪਕ ਦੀਪਕ ਬਾਂਸਲ ਨੇ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਤੇ ਉਹਨਾਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਟੇਕ ਸਿੰਘ, ਬਹਾਦਰ ਸਿੰਘ, ਨਿਰਭੈ ਸਿੰਘ ਸਿੱਧੂ, ਮੰਗਾ ਸਿੰਘ, ਗੇਜ ਰਾਮ ਭੋਰਾ, ਮਾ. ਕੁਲਦੀਪ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਕੌਰ, ਚਰਨਜੀਤ ਕੌਰ ਆਦਿ ਵੀ ਹਾਜਰ ਸਨ।