ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਫਰੀਦਕੋਟ ਅਧੀਨ ਆਉਂਦੇ ਪਿੰਡ ਬੀਹਲੇਵਾਲਾ ਤੋਂ ਸਰਪੰਚ ਦੀ ਚੋਣ ਲੜਨ ਵਾਲੇ ਨੋਜਵਾਨ ਪਵਨ ਸੇਖੋਂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਮੌਕੇ ਐਲਾਨ ਕੀਤਾ ਕਿ ਉਹ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਕਬੂਲਦੇ ਹਨ, ਕਿਉਂਕਿ ਉਹ ਵਿਧਾਇਕ ਸੇਖੋਂ ਦੇ ਸਮਾਜਸੇਵੀ ਅਤੇ ਨਿਰਵਿਵਾਦਤ ਸਿਆਸੀ ਜੀਵਨ ਤੋਂ ਪ੍ਰਭਾਵਿਤ ਹਨ। ਇਸ ਮੌਕੇ ਪਿੰਡ ਕਾਬਲਵਾਲਾ ਦੇ ਸਰਪੰਚ ਗੁਰਸ਼ਰਨ ਸਿੰਘ ਬਰਾੜ ਵੀ ਮੌਜੂਦ ਸਨ। ਵਿਧਾਇਕ ਸੇਖੋਂ ਨੇ ਪਵਨ ਅਤੇ ਉਸਦੇ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਅਤੇ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਕਿਹਾ ਕਿ ਅੱਜ ਨੌਜਵਾਨ ਪਵਨ ਸੇਖੋਂ ਸਮੇਤ ਸੇਵਕ ਸਿੰਘ, ਬਲਜੀਤ ਸਿੰਘ ਅਤੇ ਦਵਿੰਦਰ ਸਿੰਘ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਿਲ ਹੋਏ ਹਨ, ਜਿੰਨਾਂ ਨੂੰ ਪਾਰਟੀ ਵਿੱਚ ਆਉਣ ’ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਇਹਨਾਂ ਦੇ ਪਿੰਡ ਅੰਦਰ ਰਹਿੰਦੇ ਅਧੂਰੇ ਵਿਕਾਸ ਕਾਰਜ ਜੱਲਦ ਮੁਕੰਮਲ ਕਰਵਾਏ ਜਾਣਗੇ। ਇਸ ਮੌਕੇ ਕਾਬਲਵਾਲਾ ਪਿੰਡ ਦੇ ਨੌਜਵਾਨ ਸਰਪੰਚ ਗੁਰਸ਼ਰਨ ਸਿੰਘ ਬਰਾੜ ਨੇ ਕਿਹਾ ਕਿ ਬੇਸ਼ੱਕ ਵਿਰੋਧੀ ਗੁਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਵੱਸ ਚੁੱਕੀ ਹੈ, ਇਸੇ ਕਰਕੇ ਹਰ ਰੋਜਾਨਾ ਵੱਖ-ਵੱਖ ਪਿੰਡਾਂ ਤੋਂ ਅਨੇਕਾਂ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ ਅਤੇ ਅੱਜ ਵੀ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਦਰਜਨ ਤੋਂ ਵੱਧ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ।