ਲੁਧਿਆਣਾ 6 ਜਨਵਰੀ (ਵਰਲਡ ਪੰਜਾਬੀ ਟਾਈਮਜ਼ )
ਪਸ਼ੂ ਪਾਲਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਐਸ ਵੀ ਓਜ/ਏ ਡੀਜ ਦੀ ਇੱਕ ਪੰਜਾਬ ਪੱਧਰੀ ਮੀਟਿੰਗ ਅੱਜ ਪੀ ਏ ਯੂ ਲੁਧਿਆਣਾ ਵਿਖੇ ਹੋਈ | ਜਿਸ ਵਿੱਚ ਸੀਨੀਅਰ ਅਫਸਰਜ ਨੂੰ ਪੇਸ਼ ਆ ਰਹੀਆਂ ਵੱਖ ਵੱਖ ਮੁਸ਼ਕਿਲਾਂ ਖਾਸ ਕਰ ਹਰ ਹਾਲਤ ਵਿੱਚ ਸਤ ਪ੍ਰਤੀਸ਼ਤ ਵਿਭਾਗੀ ਟੀਚੇ ਪੂਰੇ ਕਰਨ ਦਾ ਗੈਰ ਵਾਜਬ ਦਬਾਅ, ਮਹਿਕਮੇ ਅੰਦਰ ਵੈਟਰਨਰੀ ਅਫ਼ਸਰਾਂ, ਵੈਟਰਨਰੀ ਇੰਸਪੈਕਟਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਬੇਹੱਦ ਘਾਟ, ਗਾਵਾਂ ਦੇ ਸੀਮਨ, ਲੋੜੀਂਦੀਆਂ ਦਵਾਈਆਂ ਤੇ ਸਾਜੋ ਸਮਾਨ ਦੀ ਸਪਲਾਈ ਅਤੇ ਗੈਰ ਉਪਜਾਊ ਕੰਮਾਂ ਦੇ ਅਨੰਤ ਬੋਝ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਇਸ ਮੀਟਿੰਗ ਉਪਰੰਤ ਸਰਵ ਸੰਮਤੀ ਨਾਲ ਪੰਜਾਬ ਐਨੀਮਲ ਹਸਬੈਂਡਰੀ ਸੀਨੀਅਰ ਵੈਟਸ ਐਸੋਸ਼ੀਏਸ਼ਨ (PAHSVA) ਨਾਮ ਦੀ ਜਥੇਬੰਦੀ ਬਨਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਜੋ ਪੰਜਾਬ ਦੇ ਪਸ਼ੂ ਪਾਲਕਾਂ ਅਤੇ ਵੈਟਰਨਰੀ ਪੇਸ਼ੇ ਨੂੰ ਦਰਪੇਸ਼ ਆ ਰਹੀਆਂ ਜਮੀਨੀ ਮੁਸ਼ਕਿਲਾਂ ਸਬੰਧੀ ਸਰਕਾਰ ਨੂੰ ਇਸ ਪਲੇਟਫਾਰਮ ਰਾਹੀਂ ਜਾਣੂ ਕਰਵਾਇਆ ਜਾ ਸਕੇ | ਇਸ ਕੰਮ ਦੀ ਸ਼ੁਰੂਆਤ ਲਈ ਵਕਤੀ ਤੌਰ ‘ਤੇ ਇੱਕ 11 ਮੈਂਬਰੀ ਐਗਜੀਕਿਊਟਿਵ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਡਾ. ਸੂਰਜ ਭਾਨ, ਡਾ. ਸੋਨਿੰਦਰ ਕੌਰ, ਡਾ. ਚਤਿੰਦਰ ਸਿੰਘ ਰਾਇ, ਡਾ. ਦਰਸ਼ਨ ਖੇੜੀ, ਡਾ. ਕੰਵਰ ਅਨੂਪ ਕਲੇਰ, ਡਾ. ਗਗਨਦੀਪ ਕੌਸ਼ਲ, ਡਾ. ਹਰਜਿੰਦਰ ਸਿੰਘ, ਡਾ. ਤਰਪਿੰਦਰਜੀਤ ਸਿੰਘ, ਡਾ. ਅਮਰਪ੍ਰੀਤ ਪੰਨੂ, ਡਾ. ਰਜੇਸ਼ ਮਲਿਕ ਅਤੇ ਡਾ. ਬਲਵੀਰ ਸਿੰਘ ਗੋਸਲ ਨੂੰ ਸਰਵ ਸੰਮਤੀ ਨਾਲ ਮੈਂਬਰ ਚੁਣਿਆ ਗਿਆ | ਡਾ. ਕੰਵਰ ਅਨੂਪ ਕਲੇਰ ਨੂੰ ਸਰਵ ਸੰਮਤੀ ਨਾਲ ਇਸ ਕਮੇਟੀ ਦਾ ਕਨਵੀਨਰ ਬਣਾਇਆ ਗਿਆ | ਇਹ ਕਮੇਟੀ ਆਉਣ ਵਾਲੇ ਸਮੇਂ ਵਿੱਚ ਐਸ ਵੀ ਓ/ਏ ਡੀ ਦੇ ਸਮੁੱਚੇ ਕਾਡਰ ਨਾਲ ਅਤੇ ਹੋਰ ਹਮ ਖਿਆਲ ਵੈਟਸ ਨਾਲ ਤਾਲ ਮੇਲ ਕਰਕੇ PAHSVA ਦੀ ਮਜ਼ਬੂਤੀ ਲਈ ਯਤਨ ਕਰੇਗੀ ਤਾਂ ਜੋ ਬਾਹਰ ਰਹਿ ਗਏ ਵੱਧ ਤੋਂ ਵੱਧ ਸੰਭਵ ਹਿੱਸਿਆਂ ਨੂੰ ਨਾਲ ਲੈਕੇ ਚੱਲਿਆ ਜਾ ਸਕੇ | PAHSVA ਐਗਜੀਕਿਊਟਿਵ ਨੇ ਡਾ. ਕੰਵਰ ਅਨੂਪ ਕਲੇਰ ਦੀ ਪ੍ਰਧਾਨਗੀ ਹੇਠ ਅਪਣੀ ਪਲੇਠੀ ਮੀਟਿੰਗ ਕਰਕੇ ਆਉਣ ਵਾਲੇ ਦਿਨਾਂ ਵਿੱਚ ਸੀਨੀਅਰ ਵੈਟਸ ਦੀਆਂ ਮੁਸ਼ਕਿਲਾਂ ਸਬੰਧੀ ਮਹਿਕਮੇ ਦੇ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਇੱਕ ਲਿਖਤੀ ਮੈਮੋਰੰਡਮ ਦੇਣ ਦਾ ਅਤੇ ਇਸ ਨਵ ਜੰਮੀ ਜਥੇਬੰਦੀ ਦੀ ਮੈਂਬਰਸ਼ਿਪ ਵਧਾ ਕੇ ਇਸ ਦੀ ਐਗਜੀਕਿਊਟਵ ਨੂੰ ਹੋਰ ਵਿਸਥਾਰਣ ਦਾ ਫੈਸਲਾ ਵੀ ਕੀਤਾ | ਇੱਕ ਵੱਖਰੇ ਮਤੇ ਰਾਹੀਂ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਵੈਟਰਨਰੀ ਅਫਸਰਾਂ ਵੱਲੋਂ ਪੇਅ ਪੈਰਿਟੀ ਨੂੰ ਲੈ ਕੇ ਲੜੇ ਜਾ ਰਹੇ ਸਘੰਰਸ਼ ਦੀ ਵੀ ਪੁਰਜ਼ੋਰ ਹਮਾਇਤ ਕੀਤੀ ਹੈ |