ਬਠਿੰਡਾ,18 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਸੱਤਾ ਸੰਭਾਲਣ ਸਮੇਂ ਆਮ ਆਦਮੀ ਪਾਰਟੀ ਵੱਲੋ ਕੀਤੇ ਗਏ ਐਲਾਨ ਸਿਰਫ਼ ਗੱਲਾਂ ਅਤੇ ਛਲਾਵੇ ਬਣ ਕੇ ਰਹਿ ਗਏ ਹਨ। ਹੋਰਨਾ ਅਨੇਕਾਂ ਲ਼ੋਕ ਲੁਭਾਉਣੀਆਂ ਗੱਲਾਂ ਦੇ ਨਾਲ ਨਾਲ ਆਮ ਆਦਮੀਂ ਪਾਰਟੀ ਨੇ ਐਲਾਨ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਦੀ ਸ਼ੈਅ ਤੇ ਜਿਹੜੇ ਲੋਕਾਂ ਵੱਲੋ ਸਰਕਾਰੀ ਜਾਂ ਪੰਚਾਇਤੀ ਥਾਵਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਤੁਰੰਤ ਛੁਡਵਾਇਆ ਜਾਵੇਗਾ। ਪਰ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਲੋਕਾਂ ਨੇ ਦੋ ਕਦਮ ਅਗਾਹ ਵੱਧਦੇ ਹੋਏ ਮੇਨ ਸੜਕਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਸਰਕਾਰ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੋਕੇ ਰਹਿ ਗਈ ਹੈ।ਇਸ ਬਾਬਤ ਕੁੱਝ ਹੀ ਦਿਨ ਪਹਿਲਾਂ ਕੋਟਕਪੂਰਾ ਦੇ ਇੱਕ ਸਰਕਾਰੀ ਛੱਪੜ ਉੱਤੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਕਬਜ਼ਾ ਕਰਨ ਦੀਆਂ ਖਬਰਾਂ ਸਰਕਾਰ ਦੇ ਧਿਆਨ ਚ ਲਿਆਂਦੀਆਂ ਗਈਆਂ ਸਨ।
ਹੁਣ ਤਾਜ਼ਾ ਮਾਮਲਾ ਪਿੰਡ ਬਲਾਹੜ ਮਹਿਮੇ ਤੋਂ ਸਾਹਮਣੇ ਆਇਆ ਹੈ ਜਿੱਥੇ ਰੂਪ ਸਿੰਘ ਨਾਮ ਦੇ ਇੱਕ ਵਿਅਕਤੀ ਵੱਲੋਂ ਪ੍ਰਧਾਨਮੰਤਰੀ ਯੋਜਨਾ ਹੇਠ ਬਣੀ ਗੋਨਿਆਂਣਾ ਤੋਂ ਬਲਾਹੜ ਮਹਿਮਾ, ਦਾਨ ਸਿੰਘ ਵਾਲ਼ਾ ਆਦਿ ਕਰੀਬ ਦੋ ਦਰਜ਼ਨ ਪਿੰਡਾਂ ਨੂੰ ਬਠਿੰਡਾ ਮੁਕਤਸਰ ਮੇਨ ਸੜਕ ਨਾਲ ਜੋੜਨ ਵਾਲੀ ਅਠ੍ਹਾਰਾਂ ਫੁੱਟੀ ਸੜਕ ਤੇ ਹੀ ਸ਼ਰ੍ਹੇਆਮ ਕਬਜ਼ਾ ਕਰਕੇ ਆਪਣੇ ਘਰ ਦੀ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਕੁੱਝ ਲ਼ੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਮਾਮਲਾ ਅਨੇਕਾਂ ਵਾਰ ਪਿੰਡ ਦੀ ਪੰਚਾਇਤ ਅਤੇ ਸਰਪੰਚ ਦੇ ਧਿਆਨ ਚ ਲਿਆਉਣ ਦੇ ਬਾਵਜੂਦ ਪੰਚਾਇਤ ਵੱਲੋਂ ਉਕਤ ਵਿਅਕਤੀ ਉੱਤੇ ਕੋਈ ਕਰਵਾਈ ਕਰਨਾ ਤਾਂ ਦੂਰ ਬਲਕਿ ਉਸਨੂੰ ਰੋਕਣਾ ਵੀ ਜ਼ਰੂਰੀ ਨਹੀਂ ਸਮਝਿਆ। ਦੱਸਣਾ ਬਣਦਾ ਹੈ ਕਿ ਇੰਨੀ ਦਿਨੀਂ ਪੈ ਰਹੀ ਸੰਘਣੀ ਧੁੰਦ ਕਾਰਨ ਪਿਛਲੇ ਦਿਨੀ ਇੱਕ ਅਧਿਆਪਕ ਜੋੜਾ ਆਪਣੀ ਜਾਨ ਗਵਾ ਚੁੱਕਾ ਹੈ ਅਤੇ ਅਜਿਹੇ ਲੋਕਾਂ ਵੱਲੋਂ ਬੇਖੌਫ ਹੋਕੇ ਚੌਵੀ ਘੰਟੇ ਚੱਲਣ ਵਾਲੀ ਸੜਕ ਸ਼ਰ੍ਹੇਆਮ ਕਬਜ਼ਾ ਕਰਨਾ ਜਿੱਥੇ ਵੱਡੇ ਹਾਦਸਿਆਂ ਨੂੰ ਵੱਡਾ ਸੱਦਾ ਹੈ ਉੱਥੇ ਪ੍ਰਸ਼ਾਸ਼ਨ ਦੀ ਨਲਾਇਕੀ ਦਾ ਵੀ ਜਿਉਂਦਾ ਜਾਗਦਾ ਪ੍ਰਮਾਣ ਹੈ।
ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਕਈ ਦਿਨਾਂ ਤੋਂ ਪਿੰਡੋਂ ਬਾਹਰ ਹਨ। ਜਦੋਂ ਉਨ੍ਹਾਂ ਨੂੰ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਹ ਗੱਲ ਨੂੰ ਗੋਲਮੋਲ ਕਰਦੇ ਦਿਖਾਈ ਦਿੱਤੇ। ਜਦੋਂ ਇਸ ਮਾਮਲੇ ਬਾਰੇ ਬੀ ਡੀ ਪੀ ਓ ਰੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ” ਮੈਂਨੂੰ ਸਬੂਤ ਭੇਜ ਦਿਓ ਜੇਕਰ ਮਾਮਲਾ ਮੇਰੇ ਅਧਿਕਾਰ ਖੇਤਰ ਚ ਹੋਇਆ ਤਾਂ ਕਬਜ਼ਾਧਾਰੀ ਵਿਅਕਤੀ ਨੂੰ ਕਾਨੂੰਨੀ ਨੋਟਿਸ ਕੱਢਣ ਸਮੇਤ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ”।

