ਕਈ ਸ਼ਿਕਾਇਤਾਂ ਦਾ ਮੌਕੇ ਤੇ ਕੀਤਾ ਨਿਪਟਾਰਾ
ਸੰਗਤ, 14 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ (ਆਈਪੀਐਸ ) ਦੇ ਹੁਕਮਾਂ ਅਤੇ ਐਸਐਸਪੀ ਬਠਿੰਡਾ ਅਮਨੀਤ ਕੋਂਡਲ (ਆਈਪੀਐਸ ) ਦੀ ਯੋਗ ਅਗਵਾਈ ਹੇਠ ਚਿੱਟੇ ਸਮੇਤ ਹਰ ਤਰ੍ਹਾਂ ਦੇ ਨਸ਼ੇ ਖ਼ਿਲਾਫ਼ ਅਤੇ ਪਬਲਿਕ ਨੂੰ ਆ ਰਹੀਆਂ ਦੁੱਖ ਤਕਲੀਫਾਂ ਦੀ ਸੁਣਵਾਈ ਦੇ ਲਈ ਬਲਾਕ ਸੰਗਤ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਖੁੱਲੇ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦਰਬਾਰ ਵਿੱਚ ਐਸਪੀ ਅਮਰਜੀਤ ਸਿੰਘ ਅਤੇ ਸਬੰਧਤ ਥਾਣੇ ਦੇ ਐਸਐਚਓ ਸੰਦੀਪ ਕੁਮਾਰ ਭਾਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਪਿੰਡ ਬਹਾਦਰਗੜ੍ਹ ਜੰਡੀਆਂ ਦੇ ਸਰਪੰਚ ਅਤੇ ਰਿਟਾਇਰਡ ਏਐਸਆਈ ਜੱਗਾ ਸਿੰਘ, ਸਮੂਹ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਉਕਤ ਅਧਿਕਾਰੀਆਂ ਨੇ ਇਸ ਖੁੱਲੇ ਦਰਬਾਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕੁਝ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ। ਪਿੰਡ ਦੇ ਲੋਕਾਂ ਵੱਲੋਂ ਸਾਂਝੀ ਆਵਾਜ਼ ਵਿੱਚ ਉਠਾਈ ਗਈ ਚਿੱਟਾ ਅਤੇ ਹੋਰ ਨਸ਼ਿਆਂ ਦੀ ਸ਼ਰੇਆਮ ਇਲਾਕੇ ਵਿੱਚ ਵਿਕਰੀ ਰੋਕਣ ਦੀ ਮੰਗ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਜਨਤਾ ਨੂੰ ਵਿਸ਼ਵਾਸ ਦਵਾਇਆ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਜਾਣਗੇ ਅਤੇ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ। ਅਖੀਰ ਪਿੰਡ ਦੀ ਸਮੂਹ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਖੁੱਲੇ ਦਰਬਾਰ ਲਾਉਣ ਲਈ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ।

