ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਪਿੰਡ ਵਾਸੀ ਮਜ਼ਬੂਰਨ ਰੋਸ ਪ੍ਰਦਰਸ਼ਨ ਕਰਨਗੇ : ਸਰਪੰਚ
ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗਰਾਮ ਪੰਚਾਇਤ ਸਿਰਸੜੀ ਦੇ ਸਰਪੰਚ ਗਿਆਨ ਕੌਰ, ਅਨੋਖਪੁਰਾ ਦੇ ਸਰਪੰਚ ਬਲਜੀਤ ਸਿੰਘ ਗਿੱਲ, ਪੰਚ ਜਗਦੀਪ ਸਿੰਘ ਦੀਪਾ ਸਮੇਤ ਸਮੁੱਚੇ ਨਗਰ ਦੇ ਪਤਵੰਤੇ ਵਿਅਕਤੀਆਂ ਨੇ ਇਕੱਤਰ ਹੋ ਕੇ ਪਿੰਡ ਵਿਚੋਂ ਲੰਘਦੀ ਮੁੱਖ ਸੜਕ ’ਤੇ ਮਾੜਾ ਮਟੀਰੀਅਲ ਵਰਤੇ ਜਾਣ ਦਾ ਦੋਸ਼ ਲਾਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਕੋਟਕਪੂਰਾ ਤੋਂ ਵਾਇਆ ਦੇਵੀਵਾਲਾ, ਸਿਰਸੜੀ, ਕੋਟਸੁਖੀਆ ਤੱਕ ਬਣੀ ਸੜਕ ਘਟੀਆ ਮਟੀਰੀਅਲ ਵਰਤੇ ਜਾਣ ਕਾਰਨ ਥਾਂ-ਥਾਂ ਤੋਂ ਟੁੱਟ ਰਹੀ ਹੈ। ਪਿੰਡ ਵਾਸੀ ਗੁਰਜੰਟ ਸਿੰਘ ਨੰਬਰਦਾਰ ਨੇ ਕਿਹਾ ਕਿ ਸਿਰਸੜੀ-ਦੇਵੀ ਵਾਲਾ ਸੜਕ ’ਤੇ ਪਾਈ ਗਈ ਬੱਜਰੀ ਉਖੜ ਕੇ ਸੜਕ ਦੇ ਕਿਨਾਰਿਆਂ ’ਤੇ ਚਲੀ ਗਈ ਹੈ। ਕਈ ਥਾਵਾਂ ਉਪਰ ਸੜਕ ਦੇ ਐਨ ਵਿਚਕਾਰ ਪਈ ਬੱਜਰੀ ਕਾਰਨ ਕਈ ਛੋਟੇ-ਮੋਟੇ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਅਕਸਰ ਹੀ ਉਖੜੀ ਹੋਈ ਬੱਜਰੀ ਤੋਂ ਖ਼ਾਸ ਕਰਕੇ ਦੋਪਹੀਆ ਵਹੀਕਲ ਤਿਲਕ ਜਾਂਦੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਸਾਰੀ ਸੜਕ ’ਤੇ ਵਧੀਆ ਮਟੀਰੀਅਲ ਵਿਛਾਇਆ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਉਕਤ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਪਿੰਡ ਵਾਸੀ ਮਜ਼ਬੂਰਨ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪੰਚ ਲਖਵੀਰ ਸਿੰਘ, ਗੁਰਤੇਜ ਸਿੰਘ, ਹਰਜੀਤ ਸਿੰਘ ਮੇਟ, ਤੀਰਥ ਸਿੰਘ ਨੰਬਰਦਾਰ, ਜਗਦੀਪ ਸਿੰਘ ਫ਼ੌਜੀ, ਗੁਰਸੇਵਕ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ, ਕੇਵਲ ਸਿੰਘ, ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

