ਮਨਰੇਗਾ ਮੇਟ ਪੱਤਰਕਾਰਾਂ ਨੂੰ ਧਮਕੀਆਂ ਦੇਣ ਤੇ ਉੱਤਰੀ
ਸੰਗਤ ਮੰਡੀ 13 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਵਿਚ ਪੰਜਾਬ ਅੰਦਰ ਹਰੇਕ ਵੱਡੇ ਛੋਟੇ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਕਿਸ ਤਰਾਂ ਸਰਕਾਰ ਦਾ ਖੌਫ ਭੁਲਾ ਕੇ ਬੇਲਗਾਮ ਹੋਏ ਫਿਰਦੇ ਹਨ ਇਸ ਦੀਆਂ ਖਬਰਾਂ ਅਕਸਰ ਗਿਣੇ ਚੁਣੇ ਇਮਾਨਦਾਰ ਅਖਬਾਰਾਂ ਅਤੇ ਚੈਨਲਾਂ ਦੀ ਸੁਰਖੀ ਬਣਦੀਆਂ ਹੀ ਰਹਿੰਦੀਆਂ ਹਨ। ਹੁਣ ਤਾਂ ਹਾਲਾਤ ਇਥੋਂ ਤੱਕ ਵਿਗੜ ਚੁੱਕੇ ਹਨ ਕਿ ਕਈ ਪਿੰਡਾਂ ਦੇ ਸਰਪੰਚ ਅਤੇ ਮਨਰੇਗਾ ਮਜ਼ਦੂਰਾਂ ਦੀ ਹਾਜਰੀ ਲਾਉਣ ਵਾਲੇ ਮੇਟ ਆਦਿ ਵੀ ਆਪਣੀਆਂ ਮਨਮਰਜੀਆਂ ਕਰਨ ਤੇ ਉਤਰੇ ਹੋਏ ਹਨ। ਪਿਛਲੇ ਦਿਨੀ ਪਿੰਡ ਅਜਿੱਤ ਗਿੱਲ ਦੇ ਸਰਪੰਚ ਦੇ ਬੇਟੇ ਵੱਲੋਂ ਕਿਸ ਤਰ੍ਹਾਂ ਮਨਰੇਗਾ ਮਜ਼ਦੂਰ ਬਣ ਕੇ ਸਿਰਫ ਹਾਜ਼ਰੀ ਪਾ ਕੇ ਚਲੇ ਜਾਣ ਅਤੇ ਮਜ਼ਦੂਰਾਂ ਦਾ ਹੱਕ ਖਾਣ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਸਨ। ਹੁਣ ਵੀ ਕੁਝ ਇਸ ਨਾਲ ਮਿਲਦਾ ਜੁਲਦਾ ਮਾਮਲਾ ਪਿੰਡ ਸ਼ੇਖੂ ਬਲਾਕ (ਸੰਗਤ ਮੰਡੀ) ਤਹਿਸ਼ੀਲ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ ਜਿੱਥੇ ਮਨਰੇਗਾ ਮਜ਼ਦੂਰਾਂ ਨਾਲ ਧੱਕਾ ਹੋਣ ਦੀਆਂ ਖਬਰਾਂ ਮਿਲੀਆਂ ਹਨ । ਪਿੰਡ ਸ਼ੇਖੂ ਦੇ ਮਨਰੇਗਾ ਮਜ਼ਦੂਰਾਂ ਨੇ ਦੋਸ਼ ਲਗਾਏ ਨੇ ਕੇ ਪਿੰਡ ਸ਼ੇਖੂ ਦੇ ਸਰਪੰਚ ਤੇ ਮੋਜੂਦਾ ਪੰਚਾਇਤ ਅਤੇ ਨਰੇਗਾ ਮੇਟ ਅੱਧੇ ਗ਼ਰੀਬ ਮਜ਼ਦੂਰਾਂ ਨੂੰ ਕੰਮ ਨਹੀਂ ਦਿੰਦੇ ਗ਼ਰੀਬ ਮਜ਼ਦੂਰਾਂ ਨਾਲ ਪੱਖਪਾਤ ਕਰਦੇ ਹਨ । ਮਨਰੇਗਾ ਮਜ਼ਦੂਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਦਾ ਸਰਪੰਚ ਨਿਰਮਲ ਸਿੰਘ ਤੇ ਮਨਰੇਗਾ ਮੇਟ ਆਪਣੇ ਚਾਹੁੰਣ ਵਾਲਿਆਂ ਨੂੰ ਕੰਮ ਦਿੰਦੇ ਹਨ ਜਦੋਂ ਕਿ ਬਾਕੀ ਮਜ਼ਦੂਰਾਂ ਨੂੰ ਸਵੇਰੇ 8 ਵਜੇ ਹਾਜ਼ਰੀ ਲਾਉਣ ਲਈ ਸੱਦ ਕੇ 11.30 ਤੇ ਘਰ ਵਾਪਸ ਮੋੜ ਦਿੱਤਾ ਜਾਂਦਾ ਹੈ ।ਜਦੋਂ ਪੱਤਰਕਾਰਾ ਨੇ ਫ਼ੋਨ ਕਰਕੇ ਨਰੇਗਾ ਮੇਟ ਵੀਰਪਾਲ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਮਨਰੇਗਾ ਦਾ ਕੰਮ ਪ੍ਰਾਇਮਰੀ ਸਕੂਲ਼ ਵਿੱਚ ਚੱਲ ਰਿਹਾ ਹੈ ,ਸਕੂਲ਼ ਕੋਲ ਜਿੰਨੇ ਰੁਪਏ ਸੀ ਉਸ ਦੇ ਹਿਸਾਬ ਨਾਲ ਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਗਿਆ ਤੇ ਸਕੂਲ ਕੋਲ ਰੁਪਏ ਘੱਟ ਹੋਣ ਕਾਰਨ ਰਹਿੰਦੇ ਮਜਦੂਰਾਂ ਨੂੰ ਕੰਮ ਨਹੀਂ ਦਿੱਤਾ ਗਿਆ ਅਤੇ ਘਰੇ ਵਾਪਸ ਭੇਜ ਦਿੱਤਾ। ਸਿਰਫ ਇਨਾ ਹੀ ਨਹੀਂ ਉਕਤ ਮੇਟ ਤਾਂ ਪਿਛਲੇ ਦਿਨੀ ਕੁੱਝ ਚੈਨਲਾਂ ਤੇ ਇਸ ਸਬੰਧੀ ਖਬਰਾਂ ਚਲਾਉਣ ਵਾਲੇ ਕੁਝ ਪੱਤਰਕਾਰਾਂ ਨੂੰ ਧਮਕੀਆਂ ਦੇਣ ਤੇ ਉੱਤਰ ਆਈ। ਇੱਥੇ ਕੰਮ ਕਰਨ ਵਾਲ਼ੇ ਬਹੁਤੇ ਮਨਰੇਗਾ ਮਜ਼ਦੂਰਾਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਬੀ ਡੀ ਪੀ ਓ ਸੰਗਤ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਨਰੇਗਾ ਵਿੱਚ ਕੰਮ ਦਿੱਤਾ ਜਾਵੇਂ ਤਾਂ ਜੋਂ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਸਕਣ । ਇਸ ਦੇ ਨਾਲ ਹੀ ਉਹਨਾਂ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਬਾਰੇ ਉੱਚ ਪੱਧਰੀ ਜਾਂਚ ਕਰਵਾ ਕੇ ਪਿੰਡ ਦੇ ਸਰਪੰਚ ਮੋਜੂਦਾ ਪੰਚਾਇਤ ਤੇ ਮਨਰੇਗਾ ਮੇਟ ਵਿਰੁੱਧ ਬਣਦੀ ਕਰਵਾਈ ਕੀਤੀ ਜਾਵੇ ਅਤੇ ਸਾਰੇ ਮਨਰੇਗਾ ਮੇਟ ਬਦਲ ਕੇ ਨਵੇਂ ਮੇਟ ਲਾਏ ਜਾਣ।