ਪਤਨੀ ਵੱਲੋਂ ਕਤਲ ਕੀਤੇ ਪਤੀ ਦੀ ਮੌਤ ਜਹਿਰ ਅਤੇ ਗਲਾ ਘੁੱਟਣ ਨਾਲ ਹੋਈ
ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਗੁਰਵਿੰਦਰ ਸਿੰਘ ਦੇ ਕਤਲ ਕਾਂਡ ਦੇ ਮਾਮਲੇ ਵਿੱਚ ਲਗਾਤਾਰ ਵੱਡੇ ਵੱਡੇ ਖੁਲਾਸੇ ਅਤੇ ਪ੍ਰਗਟਾਵੇ ਹੋ ਰਹੇ ਹਨ ਪਰ ਗੁਰਵਿੰਦਰ ਦੀ ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਉਸਨੂੰ ਪਹਿਲਾਂ ਜਹਿਰ ਦਿੱਤਾ ਗਿਆ ਤੇ ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੋਸਟਮਾਰਟਮ ਦੀ ਰਿਪੋਰਟ ਮੁਤਾਬਿਕ ਗੁਰਵਿੰਦਰ ਦੀ ਮੌਤ ਸਾਹ ਰੁਕਣ ਕਾਰਨ ਹੋਈ ਅਤੇ ਉਸਦੇ ਸਰੀਰ ’ਤੇ 10 ਤੋਂ 12 ਜਖਮਾ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਦੀ ਜਾਂਚ ਦੌਰਾਨ ਮੁਲਜਮਾ ਨੇ ਮੰਨਿਆ ਕਿ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੀਆਂ ਬਾਹਾਂ ਫੜੀਆਂ ਹੋਈਆਂ ਸਨ, ਜਦਕਿ ਉਸਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਉਸਦਾ ਬੇਰਹਿਮੀ ਨਾਲ ਕਤਲ ਕਰ ਰਿਹਾ ਸੀ। ਪੁਲਿਸ ਵਲੋਂ ਸਖਤੀ ਨਾਲ ਕੀਤੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਕਿ ਪਤੀ ਦੇ ਕਤਲ ਦੀ ਵਾਰਦਾਤ ਨੂੰ ਲੁੱਟ ਖੋਹ ਦਿਖਾਉਣ ਦੇ ਯਤਨ ਵਿੱਚ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਨੂੰ ਘਰ ਵਿੱਚ ਰੱਖੇ ਸੋਨੇ ਦੇ ਗਹਿਣੇ ਦਿੱਤੇ ਸਨ ਪਰ ਰਿਮਾਂਡ ਦੌਰਾਨ ਪੁਲਿਸ ਨੇ ਉਸਦੇ ਪੇ੍ਰਮੀ ਤੋਂ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ। ਜਾਂਚ ਦੌਰਾਨ ਪਤਾ ਲੱਗਾ ਕਿ ਰੁਪਿੰਦਰ ਕੌਰ ਇੰਸਟਾਗ੍ਰਾਮ ਦੀ ਵੀ ਸ਼ੌਕੀਨ ਸੀ, ਬੂਟੀਕ ਦੇ ਸੂਟ ਦੀ ਬਰਾਂਡਿੰਗ ਦੇ ਬਹਾਨੇ ਉਹ ਅਕਸਰ ਪੰਜਾਬੀ ਗਾਣਿਆਂ ’ਤੇ ਰੀਲ ਬਣਾ ਕੇ ਸ਼ੇਅਰ ਕਰਦੀ ਰਹਿੰਦੀ ਸੀ। ਰੁਪਿੰਦਰ ਕੌਰ ਦੀ ਨਨਾਣ ਦੇ ਕੈਨੇਡਾ ਵਿੱਚ ਬੇਟਾ ਪੈਦਾ ਹੋਣ ’ਤੇ ਰੁਪਿੰਦਰ ਕੌਰ ਨੇ ਸੱਸ ਅਤੇ ਸਹੁਰੇ ਨੂੰ ਜਿੱਦ ਕਰਕੇ ਕੈਨੇਡਾ ਭੇਜਿਆ ਤੇ ਪਿੱਛੋਂ ਯੋਜਨਾਬੱਧ ਤਰੀਕੇ ਨਾਲ ਗੁਰਵਿੰਦਰ ਦਾ ਕਤਲ ਕਰ ਦਿੱਤਾ, ਜੋ ਮਾਪਿਆਂ ਦਾ ਇਕਲੌਤਾ ਵਾਰਸ ਸੀ। ਪੁਲਿਸ ਮੁਤਾਬਿਕ ਹਰਕੰਵਲਪ੍ਰੀਤ ਸਿੰਘ ਆਪਣੇ ਦੋਸਤ ਵਿਸ਼ਵਜੀਤ ਕੁਮਾਰ ਨਾਲ ਮੁੰਬਈ ਭੱਜਣ ਦੀ ਤਿਆਰੀ ਕਰ ਰਿਹਾ ਸੀ ਪਰ ਜਦੋਂ ਉਸਦੇ ਪਿਤਾ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਤਾਂ ਹਰਕੰਵਲਪ੍ਰੀਤ ਸਿੰਘ ਨੇ ਅਦਾਲਤ ਵਿੱਚ ਖੁਦ ਹੀ ਆਤਮ ਸਮਰਪਣ ਕਰ ਦਿੱਤਾ।
