ਸਾਜਿਸ਼ ’ਚ ਸ਼ਾਮਿਲ ਪਤਨੀ ਅਤੇ ਉਸਦਾ ਸਾਥੀ ਪੁਲਿਸ ਦੀ ਗ੍ਰਿਫਤ ਵਿੱਚ : ਐਸ.ਐਸ.ਪੀ.
ਕੋਟਕਪੂਰਾ, 4 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸੰਗੀਨ ਅਪਰਾਧਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਦੇ ਹੋਏ ਤੁਰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਦੀ ਹੈ। ਇਸੇ ਕੜੀ ਵਿੱਚ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸਾਜਿਸ ਵਿੱਚ ਸ਼ਾਮਿਲ ਪਤਨੀ ਅਤੇ ਉਸਦਾ ਇੱਕ ਸਾਥੀ ਵੀ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਰੁਪਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸੁੱਖਣਵਾਲਾ, ਜਿਲਾ ਫਰੀਦਕੋਟ ਅਤੇ ਹਰਕੰਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ (ਜਿਲ੍ਹਾ ਬਠਿੰਡਾ) ਵਜੋ ਹੋਈ ਹੈ। ਜਾਣਕਾਰੀ ਮੁਤਾਬਿਕ ਮਿਤੀ 28-29 ਨਵੰਬਰ ਦੀ ਰਾਤ ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਕਤਲ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਮ੍ਰਿਤਕ ਦੀ ਭੈਣ ਮਨਵੀਰ ਕੌਰ ਦੇ ਬਿਆਨਾ ਪਰ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਇੱਕ ਵਿਅਕਤੀ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੂਆਣਾ (ਜਿਲ੍ਹਾ ਬਠਿੰਡਾ) ਦੇ ਖਿਲਾਫ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 274 ਮਿਤੀ 29.11.2025 ਅ/ਧ 103, 61(2) ਬੀ.ਐਨ.ਐਸ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੌਰਾਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ ਫਰੀਦਕੋਟ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫਰੀਦਕੋਟ ਦੀ ਨਿਗਰਾਨੀ ਹੇਠ ਤੁਰਤ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਵੱਲੋਂ ਦੋਸਣ ਰੁਪਿੰਦਰ ਕੌਰ ਨੂੰ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੋਰਾਨ ਪੁਲਿਸ ਟੀਮਾਂ ਵੱਲੋ ਇਸ ਸਾਜਿਸ ਵਿੱਚ ਸ਼ਾਮਿਲ ਦੂਜੇ ਦੋਸ਼ੀ ਹਰਕੰਵਲਪ੍ਰੀਤ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਨੂੰ ਮਿਤੀ 2 ਦਸੰਬਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਕਤਲ ਪ੍ਰੇਮ ਸਬੰਧਾ ਦੇ ਚੱਲਦੇ ਹੋਇਆ ਹੈ। ਮ੍ਰਿਤਰ ਗੁਰਵਿੰਦਰ ਸਿੰਘ ਦਾ ਵਿਆਹ ਕਨੇਡਾ ਰਹਿ ਰਹੀ ਰੁਪਿੰਦਰ ਕੌਰ ਨਾਲ ਹੋਇਆ ਸੀ। ਜੋ ਕਿ ਕੈਨੇਡਾ ਵਿੱਚੋ ਜਨਵਰੀ-2025 ਨੂੰ ਵਾਪਿਸ ਆ ਕੇ ਹੁਣ ਆਪਣੇ ਪਤੀ ਨਾਲ ਰਹਿ ਰਹੀ ਸੀ ਪਰ ਜਿਸ ਦੇ ਸਬੰਧ ਹਰਕੰਵਲਪ੍ਰੀਤ ਸਿੰਘ ਨਾਲ ਸਨ। ਮਿਤੀ 28-29 ਨਵੰਬਰ ਦੀ ਰਾਤ ਨੂੰ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਵੱਲੋ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਦੇ ਤਹਿਤ ਆਪਣੇ ਸਾਥੀ ਹਰਕੰਵਲਪ੍ਰੀਤ ਸਿੰਘ ਨੂੰ ਘਰ ਬੁਲਾਇਆ ਗਿਆ, ਜਿਸ ਦੌਰਾਨ ਇਹਨਾ ਵੱਲੋ ਮਿਲ ਕੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਰੀਦਕੋਟ ਪੁਲਿਸ ਵੱਲੋ ਮਾਨਯੋਗ ਅਦਾਲਤ ਪਾਸੋ ਇਹਨਾ ਦੋਨਾ ਦੋਸ਼ੀਆ ਦਾ ਰਿਮਾਂਡ ਹਾਸਿਲ ਕੀਤਾ ਜਾ ਚੁੱਕਾ ਹੈ ਤਾਂ ਜੋ ਇਹਨਾ ਪਾਸੋ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਸੰਗੀਨ ਮਾਮਲਿਆਂ ਵਿੱਚ ਤੇਜ਼ੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਜਾਂਚ ਅਤੇ ਗ੍ਰਿਫਤਾਰੀਆਂ ਪੁਲਿਸ ਪ੍ਰਸ਼ਾਸ਼ਨ ਦੁਆਰਾ ਮਾੜੇ ਅਨਸਰਾ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਨੂੰ ਦਰਸਾਉਂਦੀਆਂ ਹਨ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਵਿਰੁੱਧ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਰੀਦਕੋਟ ਪੁਲਿਸ ਲੋਕਾਂ ਦੀ ਸੁਰੱਖਿਆ, ਨਿਆਂ ਅਤੇ ਭਰੋਸੇ ਲਈ ਹਮੇਸ਼ਾਂ ਤਤਪਰ ਹੈ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ ਸਖਤ ਰੁਖ ਅਪਣਾਇਆ ਜਾ ਰਿਹਾ ਹੈ।

