ਪੱਕੇ ਮੋਰਚੇ ਦਾ ਲੰਮਾਂ ਸਮਾਂ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ : ਉਗਰਾਹਾਂ
ਜੈਤੋ/ਕੋਟਕਪੂਰਾ, 7 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਾਜੂ ਸਿੰਘ ਵਾਸੀ ਜੈਤੋ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 15 ਮਾਰਚ ਤੋਂ ਥਾਣਾ ਜੈਤੋ ਅੱਗੇ ਪੱਕਾ ਮੋਰਚਾ ਲਾਇਆ ਗਿਆ। ਮੋਰਚੇ ਦੌਰਾਨ ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸੀ ਜੈਤੋ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਬਲਵਿੰਦਰ ਸਿੰਘ ਮੱਤਾ ਆਦਿ ਨੇ ਕਿਹਾ ਕਿ ਰਾਜੂ ਸਿੰਘ ਨੇ ਤਿੰਨ ਸਾਲ ਪਹਿਲਾਂ ਆਪਣੀ ਦੋ ਕਿਲੇ ਜੱਦੀ ਜ਼ਮੀਨ ਵੇਚ ਕੇ 9 ਕਿਲੇ ਗਹਿਣੇ ਰਣਜੀਤ ਸਿੰਘ ਵਾਸੀ ਕੋਠੇ ਕੋਟਲੀ ਵਾਲੇ ਤੋਂ ਗਹਿਣੇ ਲਏ ਸਨ। ਰਣਜੀਤ ਸਿੰਘ ਨੇ ਦੋ ਸਾਲ ਜ਼ਮੀਨ ਦਾ ਠੇਕਾ ਰਾਜੂ ਸਿੰਘ ਨੂੰ ਦਿੱਤਾ। ਰਾਜੂ ਸਿੰਘ ਨੇ ਰਣਜੀਤ ਸਿੰਘ ਨੂੰ 37 ਲੱਖ 45 ਹਜ਼ਾਰ ਰੁਪਏ ਗਹਿਣੇ ਪਈ ਜ਼ਮੀਨ ਵਜੋਂ ਦਿੱਤੇ ਸਨ। ਰਣਜੀਤ ਸਿੰਘ ਨੇ ਦੋ ਸਾਲ ਬਾਅਦ ਠੇਕਾ ਦੇਣਾ ਬੰਦ ਕਰ ਦਿੱਤਾ ਅਤੇ ਜ਼ਮੀਨ ਉੱਪਰ ਵੀ ਕਬਜ਼ਾ ਨਾ ਕਰਨ ਦਿੱਤਾ ਅਤੇ ਪੈਸੇ ਵਾਪਸ ਕਰਨ ਤੋਂ ਬਾਅਦ ਵੀ ਸਪੱਸ਼ਟ ਜਵਾਬ ਦਿੱਤਾ। ਇਸ ਘਟਨਾ ਨੂੰ ਲੈ ਕੇ ਰਾਜੂ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਜਿਸਦੇ ਸਿੱਟੇ ਵਜੋਂ ਮਾਨਸਿਕ ਤਣਾਅ ਕਾਰਨ ਉਸਦੀ ਮੌਤ ਹੋ ਗਈ। ਇਸ ਮਸਲੇ ਬਾਰੇ ਮਨਪ੍ਰੀਤ ਹੈਪੀ ਅਤੇ ਰਣਜੀਤ ਸਿੰਘ ਨੇ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ 4 ਚੈੱਕ ਸਾਢੇ 12 ਲੱਖ ਰੁਪਏ ਦੇ ਸਕਿਉਰਟੀ ਵਜੋਂ ਦੇ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਇਹ ਫ਼ੈਸਲਾ ਹੋਇਆ ਸੀ ਤਾਂ ਇਸ ਵਿੱਚ ਐੱਸ.ਪੀ ਭੁੱਲਰ, ਮਨੋਜ ਕੁਮਾਰ ਐੱਸਐੱਚਓ, ਰਾਜੇਸ ਕੁਮਾਰ ਐੱਸਐੱਚਓ ਅਤੇ ਸੁਖਜੀਤ ਸਿੰਘ ਡੀਐੱਸਪੀ ਸ਼ਾਮਿਲ ਸਨ ਪਰ ਜਥੇਬੰਦੀ ਵੱਲੋਂ ਵਾਰ ਵਾਰ ਪ੍ਰਸ਼ਾਸਨ ਨੂੰ ਇਸ ਮਸਲੇ ਨੂੰ ਹੱਲ ਕਰਨ ਬਾਰੇ ਮਿਲਿਆ ਗਿਆ ਤਾਂ ਉਹਨਾਂ ਵੱਲੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਜਿਸਦੇ ਰੋਸ ਵਜੋਂ ਜਥੇਬੰਦੀ ਵੱਲੋਂ 15 ਮਾਰਚ ਤੋਂ ਫਿਰ ਦੁਬਾਰਾ ਪੱਕਾ ਮੋਰਚਾ ਲਾਇਆ ਗਿਆ। ਬਲਾਕ ਜੈਤੋ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਜਗਜੀਤ ਸਿੰਘ ਜੈਤੋ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਦੋਸ਼ੀਆਂ ਦੇ ਹੱਕ ਵਿੱਚ ਖੜਕੇ ਜਾਣ ਬੁੱਝ ਕੇ ਇਸ ਮਸਲੇ ਨੂੰ ਲਮਕਾ ਰਹੀ ਹੈ। ਉਹਨਾਂ ਕਿਹਾ ਪੁਲਿਸ ਪ੍ਰਸ਼ਾਸਨ ਦਾ ਇਹ ਰਵਈਆ ਇਹ ਦਿਖਾਉਦਾ ਹੈ ਕਿ ਪੁਲਿਸ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਲੋਕਾਂ ਦੇ ਵਿਰੋਧੀ ਹੋ ਕੇ ਖੜ ਰਹੀ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਲੋਕਾਂ ਤੇ ਦਹਿਸ਼ਤ ਪਾਉਣ ਵਾਲੀਆਂ ਕਾਰਵਾਈਆਂ ਕਰ ਰਹੀ। ਉਹਨਾਂ ਕਿਹਾ ਸਾਡੀ ਜਥੇਬੰਦੀ ਵੱਲੋਂ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਪਰੋਕਤ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ।