ਲੁਧਿਆਣਾ 26 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਲਾਨਾ ਜ਼ੋਨਲ ਵਰਕਸ਼ਾਪ ਵਿਚ ਜ਼ੋਨ ਇਕ ਵਿੱਚੋਂ ਸਰਵੋਤਮ ਡਾਇਰੈਕਟੋਰੇਟ ਪਸਾਰ ਸਿੱਖਿਆ ਚੁਣਿਆ ਗਿਆ ਹੈ| ਇਹ ਸਲਾਨਾ ਵਰਕਸ਼ਾਪ ਬੀਤੇ ਦਿਨੀਂ ਜੰਮੂ ਕਸ਼ਮੀਰ ਦੀ ਸ਼ੇਰੇ ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਸੀ| ਇਸ ਐਵਾਰਡ ਦੇ ਤੌਰ ਤੇ ਡਾਇਰੈਕਟੋਰੇਟ ਨੂੰ ‘ਚਲ ਵੈਜੰਤੀ’ ਚਲੰਤ ਟਰਾਫੀ ਦਿੱਤੀ ਗਈ| ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਵਿਚ ਪੰਜਾਬ, ਉਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਦੇ 72 ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਉਹਨਾਂ ਦੇ ਪ੍ਰਦਰਸ਼ਨ ਅਤੇ ਖੇਤੀ ਤਕਨੀਕਾਂ ਦੇ ਰੂਪਾਂਤਰਣ ਹਿਤ ਕੀਤੇ ਕਾਰਜ ਦੇ ਅਧਾਰ ਤੇ ਮੁਲਾਂਕਿਤ ਕੀਤਾ ਗਿਆ ਸੀ| ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਇੰਨਚਾਰਜਾਂ ਨੇ ਇਸ ਸਨਮਾਨ ਨੂੰ ਪੀ.ਏ.ਯੂ. ਦੀ ਤਰਫੋਂ ਹਾਸਲ ਕੀਤਾ|
ਇਹ ਤਿੰਨ ਰੋਜ਼ਾ ਰਾਸ਼ਟਰੀ ਵਰਕਸ਼ਾਪ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਕਾਰਜ ਅਤੇ ਪ੍ਰਦਰਸ਼ਨ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਨਵੀਆਂ ਪਸਾਰ ਰਣਨੀਤੀਆਂ ਰਾਹੀਂ ਹਾਸਲ ਕੀਤੇ ਪ੍ਰਭਾਵਾਂ ਨੂੰ ਜਾਨਣ ਦਾ ਇਕ ਮੰਚ ਸੀ| ਪੀ.ਏ.ਯੂ. ਵੱਲੋਂ ਜ਼ੋਨ ਇਕ ਵਿਚ ਕਿਸਾਨੀ ਤੱਕ ਨਵੀਆਂ ਖੇਤੀ ਤਕਨੀਕਾਂ ਦਾ ਪਸਾਰ ਕਰਨ ਲਈ ਅਪਣਾਈ ਗਈ ਕਿਸਾਨ ਕੇਂਦਰਿਤ ਅਤੇ ਸੰਯੁਕਤ ਵਿਧੀ ਦੀ ਇਸ ਕਾਨਫਰੰਸ ਵਿਚ ਵਿਸ਼ੇਸ਼ ਤੌਰ ਤੇ ਤਾਰੀਫ ਕੀਤੀ ਗਈ|
ਇਸ ਪ੍ਰਾਪਤੀ ਲਈ ਡਾਇਰੈਕਟੋਰੇਟ ਨੂੰ ਵਧਾਈ ਦਿੰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਖਿੱਤੇ ਵਿਚ ਕਿਸਾਨੀ ਸਮਾਜ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ| ਉਨ੍ਹਾਂ ਕਿਹਾ ਕਿ ਪਸਾਰ ਕਾਰਜ ਯੂਨੀਵਰਸਿਟੀ ਦੀ ਬੁਨਿਆਦੀ ਰਚਨਾ ਦਾ ਅਧਾਰ ਸਤੰਭ ਹਨ| ਡਾ. ਗੋਸਲ ਨੇ ਇਸ ਦਿਸ਼ਾ ਵਿਚ ਡਾਇਰੈਕਟੋਰੇਟ ਦੇ ਨਾਲ-ਨਾਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹ ਸੇਵਾ ਕੇਂਦਰਾਂ ਦੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਚ ਹੜ੍ਹਾਂ ਵਰਗੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਵੀ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਲਾਸਾਨੀ ਭੂਮਿਕਾ ਨਿਭਾਈ ਸੀ| ਨਾਲ ਹੀ ਡਾ. ਗੋਸਲ ਨੇ ਭਵਿੱਖ ਵਿਚ ਇਹਨਾਂ ਕਾਰਜਾਂ ਨੁੰ ਬਰਕਰਾਰ ਰੱਖਣ ਦਾ ਤਹੱਈਆ ਦੁਹਰਾਇਆ|
ਇਥੇ ਜ਼ਿਕਰਯੋਗ ਹੈ ਕਿ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਖੇਤੀ ਪਸਾਰ ਸੇਵਾਵਾਂ ਦੇ ਨੈੱਟਵਰਕ ਲਈ ਖੇਤੀ ਤਕਨਾਲੋਜੀ ਸੂਚਨਾ ਕੇਂਦਰ, 18 ਕ੍ਰਿਸ਼ੀ ਵਿਗਿਆਨ ਕੇਂਦਰ, 15 ਕਿਸਾਨ ਸਲਾਹਕਾਰ ਸੇਵਾ ਕੇਂਦਰ, ਪੌਦਾ ਕਲੀਨਿਕ, ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸੰਚਾਰ ਕੇਂਦਰ ਦਾ ਮਜ਼ਬੂਤ ਢਾਂਚਾ ਹੈ| ਇਸ ਸਾਰੇ ਕਾਰਜ ਨੂੰ ਇਕ ਟੀਮ ਦੇ ਤੌਰ ਤੇ ਖੋਜ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਸਾਂਝੇ ਧੁਰੇ ਵਜੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਦੀ ਭੂਮਿਕਾ ਅਹਿਮ ਬਣਦੀ ਹੈ| ਇਸੇ ਦੇ ਜ਼ਰੀਏ ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ ਅਤੇ ਹੋਰ ਖੇਤੀ ਉੱਦਮੀਆਂ ਤੱਕ ਨਵੀਆਂ ਖੇਤੀ ਸੂਚਨਾਵਾਂ ਅਤੇ ਸਿਖਲਾਈਆ ਦਾ ਲਾਭ ਪਹੁੰਚਦਾ ਹੈ| ਬੀਤੇ ਸਾਲਾਂ ਵਿਚ ਡਾਇਰੈਕਟੋਰੇਟ ਨੇ ‘ਇਕ ਪਿੰਡ ਇਕ ਤਕਨਾਲੋਜੀ’ ਵਿਧੀ ਰਾਹੀਂ ਆਪਣੀ ਪਸਾਰ ਸਮਰਥਾ ਨੂੰ ਹੋਰ ਵਧਾਇਆ ਹੈ| ਇਸਦੇ ਨਾਲ ਹੀ ਦੂਰ-ਦੁਰਾਡੇ ਤੱਕ ਪਹੁੰਚ ਕਰਨ ਦੀਆਂ ਮੁਹਿੰਮਾਂ, ਕਿਸਾਨਾਂ ਨੂੰ ਖੇਤੀ ਉੱਦਮੀਆਂ ਅਤੇ ਕਾਰੋਬਾਰੀ ਬਨਾਉਣ ਲਈ ਅਗਵਾਈ, ਸਲਾਹ ਅਤੇ ਸਿਖਲਾਈ ਪ੍ਰਦਾਨ ਕਰਨਾ ਅਤੇ ਇਸ ਦਿਸ਼ਾ ਵਿਚ ਡਿਜ਼ੀਟਲ ਅਤੇ ਸ਼ੋਸ਼ਲ ਮੀਡੀਆ ਮਾਧਿਅਮਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨਾ ਡਾਇਰੈਕਟੋਰੇਟ ਦੀਆਂ ਅਹਿਮ ਗਤੀਵਿਧੀਆਂ ਹਨ| ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਵਰਗੇ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਯੂਨੀਵਰਸਿਟੀ ਨੇ ਖੇਤੀ ਸੰਦੇਸ਼ ਡਿਜ਼ੀਟਲ ਅਖਬਾਰ ਅਤੇ ਇਸ ਤੋਂ ਇਲਾਵਾ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਉੱਪਰ ਆਪਣੀ ਰੇਜ਼ ਨੂੰ ਵਧਾਇਆ ਹੈ|
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਵਰਕਸ਼ਾਪ ਜੰਮੂ ਕਸ਼ਮੀਰ ਦੇ ਖੇਤੀ ਉਤਪਾਦਨ, ਪੇਂਡੂ ਵਿਕਾਸ ਅਤੇ ਪੰਚਾਇਤ ਰਾਜ, ਸਹਿਕਾਰੀ ਅਤੇ ਚੋਣ ਵਿਭਾਗਾਂ ਬਾਰੇ ਮੰਤਰੀ ਜਵੀਦ ਅਹਿਮਦ ਡਾਰ ਦੇ ਉੱਦਮ ਨਾਲ ਸ਼ੁਰੂ ਹੋਈ| ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਉਪ ਨਿਰਦੇਸ਼ਕ ਜਨਰਲ ਪਸਾਰ ਡਾ. ਰਾਜਬੀਰ ਸਿੰਘ ਅਤੇ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੀ ਐੱਨ ਤ੍ਰਿਪਾਠੀ ਵੀ ਇਸ ਮੌਕੇ ਮੌਜੂਦ ਸਨ|
ਇਸ ਐਵਾਰਡ ਨਾਲ ਨਾ ਸਿਰਫ ਪੀ.ਏ.ਯੂ. ਦੀਆਂ ਪਸਾਰ ਗਤੀਵਿਧੀਆਂ ਨੂੰ ਸਨਦ ਮਿਲੀ ਬਲਕਿ ਡਾਇਰੈਕਟੋਰੇਟ ਪਸਾਰ ਸਿੱਖਿਆ ਦੇ ਕਾਰਜਾਂ ਦੀ ਪ੍ਰਮਾਣਿਕਤਾ ਵੀ ਸਿੱਧ ਹੋਈ ਹੈ|
