ਲੁਧਿਆਣਾ 9 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕਰਵਾਏ ਇਕ ਵਿਸ਼ੇਸ਼ ਸ਼ੈਸਨ ਦੌਰਾਨ ਅਮਰੀਕਾ ਦੀ ਵਿਸਕਾਨਸਨ-ਮੈਡੀਸਨ ਯੂਨੀਵਰਸਿਟੀ ਦੇ ਦੋ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਵਿਚ ਭਾਗ ਲਿਆ। ਇਸ ਸ਼ੈਸਨ ਦੌਰਾਨ ਵਿਦੇਸ਼ ਵਿਚ ਪੀ ਐੱਚ ਡੀ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੀ ਜਾਣਕਾਰੀ ਲਈ ਵਿਹਾਰਕ ਸੂਚਨਾ ਮੁਹੱਈਆ ਕਰਾਉਣ ਦਾ ਮੁੱਲਵਾਨ ਕਾਰਜ ਸ਼ਹਿਰੀ ਅਤੇ ਵਾਤਾਵਰਨ ਪੌਦਾ ਰੋਗ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਰੁਚਿਕਾ ਕਸ਼ਯਪ ਅਤੇ ਪੌਦਾ ਰੋਗ ਵਿਸ਼ੇ ਵਿਚ ਪੀ ਐੱਚ ਡੀ ਦੇ ਖੋਜਾਰਥੀ ਸ਼੍ਰੀ ਅਮਿਤ ਸ਼ਰਮਾ ਨੇ ਕੀਤਾ।
ਇਸ ਮੌਕੇ ਇਹਨਾਂ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਐੱਮ ਐੱਸ ਸੀ ਤੋਂ ਬਾਅਦ ਉਚੇਰੀ ਖੋਜ ਲਈ ਵਿਦੇਸ਼ ਦੀ ਧਰਤੀ ਉੱਪਰ ਸੰਭਵਾਨਾਵਾਂ ਦੀ ਤਲਾਸ਼ ਦੇ ਗੁਰ ਦੱਸੇ। ਉਹਨਾਂ ਕਿਹਾ ਕਿ ਆਪਣੀ ਖੋਜ ਦੇ ਖੇਤਰ ਦੀ ਨਿਸ਼ਾਨਦੇਹੀ ਕਰਕੇ ਇਸ ਸੰਬੰਧੀ ਮੁੱਢਲੀ ਤਿਆਰੀ ਅਰੰਭ ਕਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਆਪਣਾ ਅਕਾਦਮਿਕ ਵਿਵਰਣ ਪੱਤਰ ਤਿਆਰ ਕਰਨ, ਖੋਜ ਪ੍ਰੋਜੈਕਟ, ਪ੍ਰਕਾਸ਼ਨਾਵਾਂ, ਸਿੱਖਿਆ ਸਿਖਲਾਈ ਅਤੇ ਨੈਟਵਰਕਿੰਗ ਵਿਸ਼ਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਨਾਲ ਹੀ ਖੋਜ ਸੰਬੰਧੀ ਮੁੱਢਲੇ ਕਾਰਜ ਕਰਨ ਦੇ ਜ਼ਰੂਰੀ ਨੁਕਤੇ ਅਤੇ ਇਸ ਬਾਰੇ ਲੋੜੀਂਦੇ ਕੌਮਾਂਤਰੀ ਸਿੱਖਿਆ ਮਿਆਰਾਂ ਸੰਬੰਧੀ ਵੀ ਮਾਹਿਰਾਂ ਨੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਕੌਮਾਂਤਰੀ ਅਕਾਦਮਿਕ ਵਾਤਾਵਰਨ, ਕੰਮ ਸੱਭਿਆਚਾਰ ਅਤੇ ਮਾਨਸਿਕ ਅਤੇ ਪੇਸ਼ੇਵਰ ਜ਼ਰੂਰਤਾਂ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਮਾਹਿਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਇਹਨਾਂ ਮਾਹਿਰਾਂ ਨੇ ਦਿੱਤੇ।
ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਇਸ ਸ਼ੈਸਨ ਨੂੰ ਭਵਿੱਖ ਦੇ ਖੋਜਾਰਥੀਆਂ ਲਈ ਲਾਹੇਵੰਦ ਕਿਹਾ। ਉਹਨਾਂ ਕਿਹਾ ਕਿ ਇਸ ਨਾਲ ਬਾਹਰ ਖੋਜ ਕਰਨ ਦੇ ਚਾਹਵਾਨ ਵਿਦਿਆਰਥੀ ਵਧੇਰੇ ਸਪੱਸ਼ਟ ਅਤੇ ਸਵੈ-ਵਿਸ਼ਵਾਸੀ ਬਣਨਗੇ। ਨਾਲ ਹੀ ਉਹਨਾਂ ਨੇ ਵਿਭਾਗ ਵਿਚ ਜਾਰੀ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਅਕਾਦਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਇਸ ਸ਼ੈਸਨ ਦਾ ਸੰਚਾਲਨ ਕਰਦਿਆਂ ਡਾ. ਮਨਦੀਪ ਹੂੰਝਣ ਨੇ ਕੌਮਾਂਤਰੀ ਪੱਧਰ ਤੇ ਖੋਜ ਕਰਨ ਲਈ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਅਕਾਦਮਿਕ ਪਰਪੱਕਤਾ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਭਾਰੀ ਗਿਣਤੀ ਵਿਚ ਮੌਜੂਦ ਰਹੇ।

