ਲੁਧਿਆਣਾ 20 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਿਚ ਉਚੇਰੀ ਸਿੱਖਿਆ (ਪੀ ਐੱਚ ਡੀ) ਹਾਸਲ ਕਰ ਰਹੇ ਵਿਦਿਆਰਥੀ ਸਨੀਰੁੱਧ ਸਿੰਘ ਨੂੰ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿਚ ਆਪਣੇ ਖੋਜ ਕਾਰਜ ਨੇਪਰੇ ਚਾੜਨ ਲਈ ਸੱਦਾ ਮਿਲਿਆ ਹੈ| ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਅਤੇ ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ ਨੇ ਦੱਸਿਆ ਕਿ ਵਿਦਿਆਰਥੀ ਸਨੀਰੁੱਧ ਪਸਾਰ ਦੇ ਰਵਾਇਤੀ ਅਤੇ ਨਵੇਕਲੇ ਢੰਗਾਂ ਦੇ ਅਹਿਮ ਯੋਗਦਾਨ ਤੇ ਖੋਜ ਕਾਰਜ ਕਰ ਰਿਹਾ ਹੈ| ਇਸ ਸੰਬੰਧੀ ਉਸਦੀ ਖੋਜ ਦਾ ਕੁਝ ਭਾਗ ਭਾਰਤ ਮੁਲਕ ਵਿਚ ਕੀਤਾ ਜਾਵੇਗਾ ਅਤੇ ਕੁਝ ਖੋਜ ਕਾਰਜ ਅਮਰੀਕਾ ਹੋਵੇਗਾ|
ਯਾਦ ਰਹੇ ਕਿ ਬੀਤੇ ਵਰ੍ਹੇ ਕੈਲੀਫੋਰਨੀਆ ਦੇ ਇਕ ਵਫ਼ਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ ਅਤੇ ਇਹ ਪੜਚੋਲ ਕੀਤੀ ਸੀ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਲੁਧਿਆਣਾ ਮੇਲਿਆਂ, ਗੀਤਾਂ, ਨਾਟਕਾਂ ਤੇ ਈ ਮਾਡਿਊਲ ਦੇ ਰਾਹੀਂ ਵਿਗਿਆਨ ਆਮ ਲੋਕਾਂ ਤੱਕ ਪਹੁੰਚਦਾ ਕਰ ਰਹੀ ਹੈ| ਵਿਦਿਆਰਥੀ ਦੇ ਕਮੇਟੀ ਮੈਂਬਰ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਰੀਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਵਿਦਿਆਰਥੀ ਨੂੰ ਅੰਕੜੇ ਇਕੱਠੇ ਕਰਨ ਦੇ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ|
ਇਸ ਪ੍ਰਾਪਤੀ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ ਨੇ ਵਿਦਿਆਰਥੀ ਸਨੀਰੁੱਧ ਅਤੇ ਉਸਦੇ ਦੇ ਪ੍ਰਮੁੱਖ ਗਾਈਡ ਡਾ. ਅਨਿਲ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਵਿਦਿਆਰਥੀ ਦੀਆਂ ਇਹ ਖੋਜ ਪ੍ਰਾਪਤੀਆਂ ਪਸਾਰ ਦੀਆਂ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦੇਣ ਦੇ ਸਮਰਥ ਹੋਣਗੀਆਂ|
