ਲੁਧਿਆਣਾ 13 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਸਾਬਕਾ ਪਸਾਰ ਮਾਹਿਰ ਡਾ. ਰਣਜੀਤ ਸਿੰਘ ਤਾਂਬੜ ਵੱਲੋਂ ਲਿਖੀ ਸਵੈਜੀਵਨੀ ‘ਕੋਈ ਨਾਉਂ ਨਾ ਜਾਣੈ ਮੇਰਾ’ ਬੀਤੇ ਦਿਨੀਂ ਇਕ ਸਮਾਰੋਹ ਦੌਰਾਨ ਲੋਕ ਅਰਪਿਤ ਕੀਤੀ ਗਈ। ਇਸ ਨੂੰ ਜਾਰੀ ਕਰਨ ਦੀ ਰਸਮ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਨਿਭਾਈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।
ਡਾ. ਗੋਸਲ ਨੇ ਇਸ ਕਿਤਾਬ ਦੇ ਪ੍ਰਕਾਸ਼ਨ ਲਈ ਡਾ. ਤਾਂਬੜ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਡਾ. ਤਾਂਬੜ ਨੇ ਪਸਾਰ ਕਰਮੀ ਹੋਣ ਦੀਆਂ ਜ਼ਿੰਮੇਵਾਰੀਆਂ ਲਗਾਤਾਰ ਨਿਭਾਈਆਂ ਹਨ। ਉਹ ਅਖਬਾਰਾਂ ਵਿਚ ਫਸਲਾਂ ਦੇ ਮੌਜੂਦਾ ਹਾਲਾਤ ਬਾਰੇ ਲਿਖ ਕੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ। ਨਾਲ ਹੀ ਉਹਨਾਂ ਨੇ ਅਨੇਕਾਂ ਸਮਾਜਿਕ ਮਸਲਿਆਂ ਬਾਰੇ ਅਖਬਾਰਾਂ ਵਿਚ ਲਿਖਣ ਦਾ ਨਿਰੰਤਰ ਕਾਰਜ ਕੀਤਾ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਕਿਤਾਬ ਪਾਠਕਾਂ ਦੇ ਗਿਆਨ ਵਿਚ ਲਾਜ਼ਮੀ ਵਾਧਾ ਕਰੇਗੀ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੌਕੇ ਡਾ. ਤਾਂਬੜ ਨੂੰ ਵਧਾਈ ਦਿੰਦਿਆਂ ਇਸ ਕਿਤਾਬ ਨੂੰ ਜ਼ਰੂਰੀ ਤੌਰ ਤੇ ਪੜਨਯੋਗ ਅਤੇ ਪ੍ਰੇਰਨਾਦਾਇਕ ਕਿਤਾਬ ਕਿਹਾ।

