ਲੁਧਿਆਣਾ, 02 ਜਨਵਰੀ:( ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ੧੩ ਵਿਦਿਆਰਥੀਆਂ ਨੂੰ ਪੀ ਐੱਚ ਡੀ ਖੋਜ ਲਈ ਪ੍ਰਧਾਨਮੰਤਰੀ ਫੈਲੋਸ਼ਿਪ ਹਾਸਲ ਹੋਈ ਹੈ। ਇਸ ਇਤਿਹਾਸਕ ਪਲ ਨੂੰ ਮਾਨਣ ਲਈ ਫੈਲੋਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਉਹਨਾਂ ਦੇ ਖੋਜ ਨਿਗਰਾਨ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਇਕ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਇਕੱਤਰਤਾ ਦੌਰਾਨ ਵਿਦਿਆਰਥੀਆਂ ਵੱਲੋਂ ਹਾਸਲ ਕੀਤੇ ਗਏ ਇਸ ਸ਼ਾਨਦਾਰ ਮੁਕਾਮ ਨੂੰ ਭਵਿੱਖ ਦੀ ਉਦਯੋਗ ਅਧਾਰਿਤ ਡਾਕਟਰਲ ਖੋਜ ਦੀ ਪੈੜ ਵਜੋਂ ਦੇਖਣ ਦੀ ਕੋਸ਼ਿਸ਼ ਹੋਈ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਇਹਨਾਂ ਵਿਦਿਆਰਥੀਆਂ ਲਈ ਪ੍ਰਸ਼ੰਸ਼ਾ ਭਰੇ ਲਹਿਜ਼ੇ ਵਿਚ ਕਿਹਾ ਕਿ ਇਹ ਪ੍ਰਾਪਤੀ ਕਿਸੇ ਸੰਸਥਾ ਦੀ ਅਕਾਦਮਿਕ ਦਸ਼ਾ ਅਤੇ ਦਿਸ਼ਾ ਬਾਰੇ ਸੰਕੇਤ ਕਰਨ ਲਈ ਕਾਫੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਪੀ.ਏ.ਯੂ. ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਸਹੀ ਮਾਹਿਰਾਂ ਅਤੇ ਦੂਰ ਦ੍ਰਿਸ਼ਟੀ ਨਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹਨਾਂ ਫੈਲੋਸ਼ਿਪ ਹਾਸਲ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਖੇਤੀ ਖੋਜ ਨੂੰ ਪ੍ਰਯੋਗਸ਼ਾਲਾਂ ਤੋਂ ਅਗਾਂਹ ਖੇਤ ਅਤੇ ਕਿਸਾਨਾਂ ਦੀ ਭਲਾਈ ਤੱਕ ਲਿਜਾਣ ਲਈ ਸਿਰਤੋੜ ਯਤਨ ਕਰਨ।
ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਇਸ ਕਾਮਯਾਬੀ ਨੂੰ ਕਿਸੇ ਸੰਸਥਾ ਦੇ ਵਰ੍ਹਿਆਂ ਬੱਧੀ ਮਿਹਨਤ ਦਾ ਫਲ ਕਿਹਾ। ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਖੇਤੀ ਅਤੇ ਉਦਯੋਗ ਦੇ ਸੁਮੇਲ ਨਾਲ ਕੀਤੀ ਜਾਣ ਵਾਲੀ ਖੋਜ ਦੀਆਂ ਕਾਫੀ ਸੰਭਾਵਨਾਵਾਂ ਹਨ ਅਤੇ ਆਸ ਹੈ ਕਿ ਇਸ ਨਾਲ ਭਵਿੱਖ ਵਿਚ ਹੋਰ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਨਕਸ਼ ਗੂੜ੍ਹੇ ਹੋਣਗੇ।
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਇਹ ਤਦਾਦ ਸਾਬਿਤ ਕਰਦੀ ਹੈ ਕਿ ਪੀ.ਏ.ਯੂ. ਦੇਸ਼ ਦੀ ਖੇਤੀ ਖੋਜ ਅਤੇ ਅਕਾਦਮਿਕਤਾ ਦੀ ਅਗਵਾਈ ਕਰਨ ਲਈ ਤਿਆਰ-ਬਰ-ਤਿਆਰ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਮਾਹਿਰਾਂ ਦੀ ਅਗਵਾਈ ਦੀ ਪ੍ਰਸ਼ੰਸ਼ਾ ਵੀ ਕੀਤੀ।
ਪੀ.ਏ.ਯੂ. ਦੇ ੧੩ ਵਿਦਿਆਰਥੀ ਅਤੇ ਉਹਨਾਂ ਦੇ ਉਦਯੋਗਿਕ ਸਾਂਝੀਦਾਰ ਇਸ ਇਕੱਤਰਤਾ ਦੌਰਾਨ ਹਾਜ਼ਰ ਰਹੇ। ਇਹਨਾਂ ਵਿਚ:
ਦੀਪਤੀ ਜਸਵਾਲ ਜੋ ਸ਼ਿਵਾਮੂ ਇੰਟਰਨੈਸ਼ਨਲ ਨਾਲ ਕੰਮ ਕਰ ਰਹੇ ਹਨ।
ਰੇਨੂੰਕਾ ਸਾਹੂ ਜਿਨ੍ਹਾਂ ਦੇ ਸਹਿਯੋਗੀ ਮਹਾਂਲਕਸ਼ਮੀ ਸੀਡਜ਼ ਹਨ।
ਜੌਹਰ ਸਿੰਘ ਔਜਲਾ ਸੀਡਜ਼ ਮਾਛੀਵਾੜਾ ਦੇ ਸਹਿਯੋਗ ਨਾਲ ਕਾਰਜਸ਼ੀਲ ਹਨ।
ਅਕਸ਼ੀ ਅੱਤਰੀ ਦਾ ਸਹਿਯੋਗ ਹਿਗਜ਼ ਹੈਲਥ ਕੇਅਰ ਵੱਲੋਂ ਕੀਤਾ ਜਾ ਰਿਹਾ ਹੈ।
ਉਦੈ ਕੁਮਾਰ ਬੀ ਵੀ ਦਾ ਸਹਿਯੋਗ ਕਰਨ ਲਈ ਸਟਾਰ ਐਗਰੀ ਸੀਡਜ਼ ਪ੍ਰਾਈਵੇਟ ਲਿਮਿਟਡ ਹੈ।
ਆਰਤੀ ਗੁਪਤਾ ਨੇਵਾ ਪਲਾਂਟੇਸ਼ਨਜ਼ ਐੱਲ ਐੱਲ ਪੀ ਨਾਲ ਕੰਮ ਕਰ ਰਹੀ ਹੈ।
ਗੁਰਪ੍ਰੀਤ ਕੌਰ ਓਂਕਾਰ ਸੀਡਜ਼ ਪ੍ਰਾਈਵੇਟ ਲਿਮਿਟਡ ਨਾਲ ਸੰਬੰਧਿਤ ਹੈ।
ਸੁਤੇਜ ਸਿੰਘ ਬੈਂਸ ਰਾਸੀ ਸੀਡਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਕਾਰਜਸ਼ੀਲ ਹਨ।
ਆਂਚਲ ਮਹਾਂਦੇਵਰਾਓ ਫੂਟਾਨੇ ਦੇ ਸਹਿਯੋਗ ਲਈ ਗੋਲਡ ਕਿੰਗ ਬਾਇਓਜ਼ੀਨ ਪ੍ਰਾਈਵੇਟ ਲਿਮਿਟਡ ਮੌਜੂਦ ਹੈ।
ਤਰੁਨ ਕੁਮਾਰ ਮੀਣਾ ਦਾ ਸਹਿਯੋਗ ਆਈ ਐਫ ਐੱਸ ਏ ਸੀਡਜ਼ ਪ੍ਰਾਈਵੇਟ ਲਿਮਿਟਡ ਵੱਲੋਂ ਕੀਤਾ ਜਾ ਰਿਹਾ ਹੈ।
ਗੌਰਵ ਅਗਸਟੀਨ ਦਾ ਸਹਿਯੋਗ ਕਰਨ ਲਈ ਪ੍ਰਸ਼ਾਦ ਸੀਡਜ਼ ਪ੍ਰਾਈਵੇਟ ਲਿਮਿਟਡ ਹੈ।
ਦਿਲਪ੍ਰੀਤ ਕੌਰ ਮਾਂਗਟ ਐਕੁਆਮਾਸਟਰਜ਼ ਨਾਲ ਸੰਬੰਧਿਤ ਵਿਦਿਆਰਥੀ ਹੈ।
