ਲੁਧਿਆਣਾ, 02 ਜਨਵਰੀ:( ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੀ ਡਾ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਾਮ੍ਹਣੇ ਯੂਨੀਵਰਸਿਟੀ ਵਲੋਂ ਪਾਏ ਯੋਗਦਾਨ ਦੇ ਮਾਣਵਜੋਂ ਇਕ ਸਮਾਰਕ ਦਾ ਅੱਜ ਉਦਘਾਟਨ ਹੋਇਆ। ਇਸ ਨਾਲ ਯੂਨੀਵਰਸਿਟੀ ਕੈਂਪਸ ਦੇ ਨਕਸ਼ੇ ਵਿੱਚ ਨਵਾਂ ਪਛਾਣ ਚਿੰਨ੍ਹ ਜੋੜਨ ਦਾ ਕਾਰਜ ਨੇਪਰੇ ਚੜ੍ਹਿਆ। ਯੂਨੀਵਰਸਿਟੀ ਦੇ ਨਾਂ ਨੂੰ ਸੰਕੇਤਕ ਰੂਪ ਵਿਚ ਪੇਸ਼ ਕਰਦੇ ਛੇ ਫੁੱਟ ਉੱਚੇ ਸਟੀਲ ਦੇ ਤਿੰਨ ਅੱਖਰਾਂ ਨੂੰ ਇਸ ਕਾਰਜ ਤਹਿਤ ਇੱਕ ਪਲੇਟਫਾਰਮ ਉੱਪਰ ਸਥਾਪਿਤ ਕੀਤਾ ਗਿਆ ਹੈ।
ਇਸਦਾ ਉਦਘਾਟਨ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ ਕਮਲਾਂ ਨਾਲ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ ਸੀ।
ਇਸ ਸਥਾਨ ਨੂੰ ਯੂਨੀਵਰਸਿਟੀ ਵਲੋਂ ਖੇਤੀ ਖੇਤਰ ਦੇ ਨਾਲ ਨਾਲ ਕਿਸਾਨੀ ਸਮਾਜ ਅਤੇ ਵਿਗਿਆਨਕ ਖੇਤੀ ਲਈ ਪਾਏ ਯੋਗਦਾਨ ਦੇ ਮਾਣ ਦੇ ਸਥਾਨ ਵਜੋਂ ਅੰਕਿਤ ਕੀਤਾ ਗਿਆ ਹੈ। ਚਾਰੇ ਪਾਸੇ ਤੋਂ ਹਰਿਆਲੇ ਅਤੇ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਵਿਚ ਘਿਰਿਆ ਇਹ ਸਮਾਰਕ ਬੜੇ ਮਜ਼ਬੂਤ ਢਾਂਚੇ ਅਤੇ ਸਥਿਰਤਾ ਦਾ ਪ੍ਰਦਰਸ਼ਨ ਕਰਦਾ ਹੈ। ਇਸਨੂੰ ਇਤਿਹਾਸ ਦੇ ਨਾਲ ਨਾਲ ਭਵਿੱਖ ਵਿਚ ਵੀ ਆਉਂਦੀਆਂ ਪੀੜ੍ਹੀਆਂ ਲਈ ਸ਼ਾਨਦਾਰ ਪ੍ਰੇਰਨਾ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਮੌਜੂਦਾ ਸਮੇਂ ਦੇ ਰੁਝਾਨਾਂ ਅਨੁਸਾਰ ਨੌਜਵਾਨ ਲੋਕਾਂ ਦੇ ਵਿਅਕਤੀਗਤ ਅਤੇ ਸਮੂਹਿਕ ਸੈਲਫੀ ਕੇਂਦਰ ਵਜੋਂ ਵੀ ਇਸ ਸਥਾਨ ਦੇ ਯਾਦਗਾਰ ਵਜੋਂ ਉਭਰਨ ਦੀ ਆਸ ਹੈ।
ਇਸਦਾ ਉਦਘਾਟਨ ਕਰਨ ਸਮੇਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਪਹਿਲ ਵਿਦਿਆਰਥੀ ਭਾਈਚਾਰੇ ਲਈ ਪ੍ਰਤੀਕਾਤਮਕ ਕੇਂਦਰ ਵਜੋਂ ਲੰਬੇ ਸਮੇਂ ਤੋਂ ਕੀਤੀ ਗਈ ਮੰਗ ਦਾ ਸਿੱਟਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਦੀ ਪਛਾਣ ਅਜਿਹੇ ਪ੍ਰਤੀਕਾਤਮਕ ਸਥਾਨਾਂ ਦੁਆਰਾ ਬਣੀ ਹੈ ਜੋ ਉਨ੍ਹਾਂ ਦੀ ਇਤਿਹਾਸ ਪਛਾਣ ਦਾ ਹਿੱਸਾ ਬਣੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮਾਣ ਦੇ ਇਸ ਸਮਾਰਕ ਨੂੰ ਆਮ ਫੋਟੋ ਕੇਂਦਰ ਦੀ ਥਾਂ ਯੂਨੀਵਰਸਿਟੀ ਦੀ ਮਾਣ ਦੀ ਭਾਵਨਾ ਪ੍ਰਦਰਸ਼ਿਤ ਕਰਨ ਲਈ ਵਿਕਸਿਤ ਕੀਤਾ ਗਿਆ ਹੈ। ਇਹ ਕੇਂਦਰ ਯੂਨੀਵਰਸਿਟੀ ਵਲੋਂ ਨਿਰੰਤਰ ਵਿਕਸਤ ਕੀਤੀ ਗਈ ਵਿਗਿਆਨਕ ਖੇਤੀ ਦੀ ਪ੍ਰਤੀਨਿਧਤਾ ਦੇ ਸਥਾਨ ਵਜੋਂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੇ ਅਨੁਸਾਰ, ਇਹ ਸਥਾਪਨਾ ਪੀਏਯੂ ਦੀ ਜਨਤਕ ਅਕਸ ਨੂੰ ਮਜ਼ਬੂਤ ਕਰੇਗੀ ਜਿਸਨੂੰ ਭਵਿੱਖ ਦੇ ਵਿਦਿਆਰਥੀ ਆਪਣੀਆਂ ਯਾਦਾਂ ਨਾਲ ਜੋੜ ਸਕਦੇ ਹਨ। ਨਾਲ ਹੀ ਇਸ ਸਮਾਰਕ ਦੇ ਰੂਪ ਵਿਚ ਸਾਬਕਾ ਵਿਦਿਆਰਥੀ ਆਪਣੇ ਸੰਸਥਾ ਨਾਲ ਲਗਾਵ ਨੂੰ ਇਜ਼ਹਾਰ ਦੇ ਸਕਣਗੇ।
ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ (ਆਈਏਐਸ) ਨੇ ਇਸ ਸਮਾਰਕ ਦੀ ਜਗ੍ਹਾ ਚੁਣਨ ਪਿੱਛੇ ਮੰਤਵ ਦੱਸਦਿਆਂ ਕਿਹਾ ਕਿ ਇਸਨੂੰ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਦੇਖਣ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਕਿਸਾਨਾਂ ਅਤੇ ਮਹਿਮਾਨਾਂ ਲਈ ਸੁਵਿਧਾਯੋਗ ਜਗ੍ਹਾ ਉੱਪਰ ਸਥਾਪਿਤ ਕੀਤਾ ਗਿਆ ਹੈ। ਇਹ ਸਥਾਨ ਵਿਦਿਆਰਥੀਆਂ ਦੀਆਂ ਰੋਜ਼ਾਨਾਂ ਗਤੀਵਿਧੀਆਂ ਦੇ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਸੰਸਥਾ ਦੇ ਇਤਿਹਾਸਕ ਮਾਣ ਨਾਲ ਜੋੜੇਗੀ ਅਤੇ ਭਵਿੱਖ ਵਿਚ ਇਸਦੀ ਬਿਹਤਰੀ ਲਈ ਗਤੀਸ਼ੀਲ ਹੋਣ ਵਾਸਤੇ ਪ੍ਰੇਰਿਤ ਵੀ ਕਰੇਗੀ। ਇਸ ਢਾਂਚੇ ਲਈ ਸੁਹਜ ਅਤੇ ਕਲਾ ਕੌਸ਼ਲ ਦੀ ਵਰਤੋਂ ਕਰਦੀਆਂ ਸੰਸਥਾ ਦੇ ਮਕਬੂਲ ਨਾਮ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨਾਲ ਯੂਨੀਵਰਸਿਟੀ ਵਿਚ ਪ੍ਰੇਰਨਾਦਾਇਕ ਮਾਹੌਲ ਸਥਾਪਿਤ ਹੋਵੇਗਾ।
ਮਿਲਖ ਅਧਿਕਾਰੀ ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਨੇ ਇਸ ਢਾਂਚੇ ਦੇ ਡਿਜ਼ਾਈਨ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤੇ ਖੇਤੀ ਕਾਰਜਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮਾਰਕ ਨੂੰ ਯਾਦਗਾਰੀ ਬਣਾਉਣ ਲਈ ਪੂਰੀ ਸਮਰੱਥਾ ਅਨੁਸਾਰ ਕਾਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਾਰਕ ਨੂੰ ਮੌਜੂਦਾ ਲੈਂਡਸਕੇਪ ਨਾਲ ਇਸ ਤਰੀਕੇ ਨਾਲ ਜੋੜਿਆ ਗਿਆ ਹੈ ਕਿ ਇਹ ਯੂਨੀਵਰਸਿਟੀ ਦਾ ਜੀਵੰਤ ਭਾਗ ਨਜ਼ਰ ਆਉਂਦਾ ਹੈ।

