ਨੌਜਵਾਨਾਂ ਨੂੰ ਗਣਤੰਤਰ ਦੀਆਂ ਕਦਰਾਂ ਕੀਮਤਾਂ ਉੱਪਰ ਪਹਿਰਾ ਦੇਣ ਦੀ ਲੋੜ : ਡਾ ਗੋਸਲ
ਲੁਧਿਆਣਾ 26 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਅੱਜ 77ਵਾਂ ਗਣਤੰਤਰ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ।
ਗਣਤੰਤਰ ਪਰੇਡ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਸਲਾਮੀ ਦੇਣ ਤੋਂ ਬਾਅਦ ਆਪਣੇ ਸੰਦੇਸ਼ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਸੰਵਿਧਾਨਕ ਮੁੱਲਾਂ ਦੀ ਸਥਾਪਤੀ ਬਾਰੇ ਬੋਲਦਿਆਂ ਉਹਨਾਂ ਸਭ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਡਾ ਗੋਸਲ ਨੇ ਕਿਹਾ ਕਿ ਭਾਵੇਂ ਸਾਨੂੰ ਆਜ਼ਾਦੀ 15 ਅਗਸਤ 1947 ਨੂੰ ਮਿਲ ਗਈ ਸੀ, ਪਰ 26 ਜਨਵਰੀ 1950 ਨੂੰ ਭਾਰਤ ਇੱਕ ਪੂਰਨ ਗਣਰਾਜ ਬਣਿਆ। ਉਨ੍ਹਾਂ। ਭਾਰਤ ਦੇ ਸੰਵਿਧਾਨ ਨੂੰ ਗਣਤੰਤਰ ਦੀ ਅਸਲੀ ਆਜ਼ਾਦੀ ਕਿਹਾ ਜੋ ਸਾਨੂੰ ਬਰਾਬਰੀ, ਭਾਈਚਾਰੇ ਅਤੇ ਇਨਸਾਫ਼ ਦਾ ਹੱਕ ਪ੍ਰਦਾਨ ਕਰਦੀ ਹੈ।ਇਸ ਗਣਤੰਤਰ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਸਾਰੇ ਮਹਾਨ ਸ਼ਹੀਦਾਂ ਅਤੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਉਨ੍ਹਾਂ ਅਣਗਿਣਤ ਨਾਇਕਾਂ ਦੀ ਬਹਾਦਰੀ ਅਤੇ ਬਲਿਦਾਨ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੁਣ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੀ ਏ ਯੂ ਆਜ਼ਾਦ ਭਾਰਤ ਦੀ ਖੇਤੀ ਖੋਜ, ਸਿੱਖਿਆ ਅਤੇ ਪਸਾਰ ਦੀ ਸਿਰਕੱਢ ਸੰਸਥਾ ਹੈ।ਯੂਨੀਵਰਸਿਟੀ ਆਪਣੀ ਸ਼ੁਰੂਆਤ ਤੋਂ ਹੀ ਖੇਤੀ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਜਾਣੀ ਜਾਂਦੀ ਹੈ। ਭਾਰਤ ਦੀ ਭੋਜਨ ਸੁਰੱਖਿਆ ਦੇ ਨਾਲ-ਨਾਲ ਨਵੀਆਂ ਕਿਸਮਾਂ ਅਤੇ ਤਕਨੀਕੀ ਹੱਲ ਲੱਭ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਯੂਨੀਵਰਸਿਟੀ ਨੇ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਵਾਈਸ ਚਾਂਸਲਰ ਨੇ ਲਗਾਤਾਰ ਤੀਸਰੇ ਸਾਲ ਪੀ ਏ ਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਮਿਲਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸਦਾ ਸਿਹਰਾ ਸਮੂਹ ਅਮਲੇ ਦੇ ਸਿਰ ਬੱਝਦਾ ਹੈ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਸਮੇਂ-ਸਮੇਂ ‘ਤੇ ਸੰਸਥਾ ਲਈ ਮਾਣ ਦੇ ਪਲ ਹਾਸਲ ਕਰਦੇ ਰਹੇ ਹਨ ਅਤੇ ਇਸ ਦੇ ਅਮਲੇ ਦਾ ਹਰ ਜੀਅ ਆਪਣੇ ਕੰਮ ਨੂੰ ਜ਼ਿੰਮੇਵਾਰੀ ਅਤੇ ਲਗਨ ਨਾਲ ਨਿਭਾ ਰਿਹਾ ਹੈ। ਡਾ ਗੋਸਲ ਨੇ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਤਕਨਾਲੋਜੀ ਦੀ ਸਹਾਇਤਾ ਨਾਲ ਆਪਣੇ ਕੰਮ ਨੂੰ ਡਿਜ਼ੀਟਲ ਰੂਪ ਵਿੱਚ ਕਰਨ ਦਾ ਗੁਰ ਸਿੱਖਣਾ ਪਵੇਗਾ। ਪੀ.ਏ.ਯੂ ਵਲੋਂ ਨਵੀਂ ਤਕਨਾਲੋਜੀਆਂ ਦੇ ਖੇਤਰ ਵਿਚ ਕੀਤੀ ਜਾ ਰਹੀ ਖੋਜ ਦਾ ਜ਼ਿਕਰ ਕਰਨ ਸਮੇਂ ਵਾਈਸ ਚਾਂਸਲਰ ਨੇ ਅਜੋਕੀ ਤਕਨੀਕ ਰਾਹੀਂ ਖੇਤੀ ਨੂੰ ਆਧੁਨਿਕ ਅਤੇ ਕਾਰੋਬਾਰੀ ਬਣਾਉਣ ਦੀ ਲੋੜ ਉੱਪਰ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਤਾਕਤ ਸਾਡੇ ਨੌਜਵਾਨ ਹਨ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲਗਾਤਾਰ ਯਤਨਸ਼ੀਲ ਰਹੀਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪਣੇ ਜੀਵਨ ਵਿੱਚ ਅਨੁਸ਼ਾਸਨ, ਲੱਗਣ ਅਤੇ ਗਣਤੰਤਰ ਦੀਆਂ ਕੀਮਤਾਂ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਭਵਿੱਖ ਵਿੱਚ ਯੋਗ, ਚਰਿੱਤਰਵਾਨ ਅਤੇ ਆਦਰਸ਼ ਨਾਗਰਿਕ ਬਣ ਦੇ ਰਾਹ ਪੈ ਸਕਣ। ਉਨ੍ਹਾਂ ਨੇ ਅੰਤ ਵਿਚ ਸਭ ਦੀ ਚੜ੍ਹਦੀ ਕਲਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਨਾਲ ਹੀ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਤੰਤਰ ਦੇ ਤੌਰ ਤੇ ਭਾਰਤ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਸਮਾਜ ਨੂੰ ਇੱਕ ਮਜ਼ਬੂਤ ਇਕਾਈ ਵਿੱਚ ਬੰਨ ਕੇ ਰੱਖਣਾ ਸਮੇਂ ਦੀ ਲੋੜ ਹੈ ।
ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ, ਆਈ ਏ ਐੱਸ ਨੇ ਸਭ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੀਆਂ ਖੋਜ, ਪਸਾਰ ਅਤੇ ਅਕਾਦਮਿਕ ਪ੍ਰਾਪਤੀਆਂ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਅਤੇ ਗਣਤੰਤਰ ਦੀ ਭਾਵਨਾ ਨੂੰ ਦੂਜਿਆਂ ਲਈ ਸਨਮਾਨ ਅਤੇ ਬਰਾਬਰੀ ਦੇ ਰੂਪ ਵਿੱਚ ਸਥਾਪਿਤ ਕਰਨਾ ਅੱਜ ਦੇ ਭਾਰਤੀ ਸਮਾਜ ਦਾ ਮੂਲ ਕਰਤਵ ਹੈ।
ਸਮਾਰੋਹ ਦਾ ਸੰਚਾਲਨ ਲੜਕਿਆਂ ਦੇ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਵਿਰਕ ਨੇ ਕੀਤਾ
ਪੀ ਏ ਯੂ ਦੇ ਉੱਚ ਅਧਿਕਾਰੀ , ਵੱਖ ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸਮਾਰੋਹ ਵਿਚ ਸ਼ਾਮਿਲ ਸਨ।

