
ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ 30 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਜਸ਼ਨ ਦੀਪ ਸਿੰਘ ਨੂੰ ਪ੍ਰਧਾਨ, ਸੋਨੀਆ ਰਾਣੀ ਨੂੰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਨੂੰ ਸਕੱਤਰ, ਖੁਸ਼ਬੂ ਅਤੇ ਸਿਮਰਨਜੀਤ ਕੌਰ ਨੂੰ ਖਜ਼ਾਨਚੀ, ਅਭਿਨਵ ਸੋਢੀ ਨੂੰ ਪ੍ਰੈਸ ਸਕੱਤਰ, ਗੁਰਲਾਭ ਰੋਡੇ ਨੂੰ ਸੱਭਿਆਚਾਰਕ ਫਰੰਟ ਦਾ ਪ੍ਰਧਾਨ ਚੁਣਿਆ ਗਿਆ। ਕਮੇਟੀ ਦੀ ਚੋਣ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਨੇ ਚੋਣ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਇਤਿਹਾਸ ਨਾਲ ਜਾਣੂ ਕਰਵਾਉਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੁਆਰਾ ਬਣਾਈ ਹੋਈ ਜਥੇਬੰਦੀ ਹੈ ਜੋ ਪਿਛਲੇ ਸੌ ਸਾਲਾਂ ਤੋਂ ਪੰਜਾਬ ਦੇ ਕਾਲਜਾਂ ਵਿੱਚ ਵਿਦਿਆਰਥੀ ਮੰਗਾਂ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਇਸ ਮੁਲਕ ਵਿੱਚੋਂ ਅੰਗਰੇਜ਼ ਹਕੂਮਤ ਨੂੰ ਖ਼ਤਮ ਕਰਕੇ ਇੱਥੇ ਲੁੱਟ ਖਸੁੱਟ ਰਹਿਤ ਬਰਾਬਰੀ ਵਾਲਾ ਸਮਾਜ ਸਿਰਜਣਾ ਚਾਹੁੰਦੇ ਸਨ। ਪੰਜਾਬ ਸਟੂਡੈਂਟਸ ਯੂਨੀਅਨ ਉਹਨਾਂ ਦੇ ਸੁਪਨਿਆਂ ਦਾ ਸਮਾਜ ਬਣਾਉਣ ਲਈ ਕੰਮ ਕਰ ਰਹੀ ਜਥੇਬੰਦੀ ਹੈ। ਉਹਨਾਂ ਨੇ ਭਗਤ ਸਿੰਘ ਦੁਆਰਾ ਦਿੱਤੇ ਹੋਏ ਨਾਅਰੇ ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ’ ਬਾਰੇ ਵੀ ਵਿਦਿਆਰਥੀਆਂ ਨਾਲ ਚਰਚਾ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਥੇਬੰਦੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਅੱਜ ਅਸੀਂ ਓਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਕਮੇਟੀ ਦੀ ਚੋਣ ਕਰ ਰਹੇ ਹਾਂ ਜਦੋਂ ਵਿਦਿਆਰਥੀਆਂ ਉੱਪਰ ਕਈ ਤਰਾਂ ਦੇ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਨਵੀ ਸਿੱਖਿਆ ਨੀਤੀ ਵਿਦਿਆਰਥੀਆਂ ਉੱਪਰ ਥੋਪੀ ਗਈ ਗੈਰ ਸੰਵਿਧਾਨਕ ਨੀਤੀ ਹੈ। ਇਸ ਨੀਤੀ ਰਾਹੀਂ ਸਿੱਖਿਆ ਦਾ ਕੇਂਦਰੀਕਰਨ ਅਤੇ ਭਗਵਾਂਕਰਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਏਹ ਨੀਤੀ ਵਿਦਿਆਰਥੀਆਂ ਤੋਂ ਸਿੱਖਿਆ ਖੋਹ ਕੇ ਨਿੱਜੀ ਅਦਾਰਿਆਂ ਨੂੰ ਵੇਚਣ ਲਈ ਲਾਗੂ ਕੀਤੀ ਜਾ ਰਹੀ ਹੈ। ਜਿਸਦੇ ਖ਼ਿਲਾਫ਼ ਵਿਦਿਆਰਥੀਆਂ ਨੂੰ ਜਥੇਬੰਦੀ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਪੀ.ਐੱਸ.ਯੂ. ਦੇ ਜ਼ਿਲ੍ਹਾ ਆਗੂਆਂ ਅਰਸ਼ਦੀਪ ਫ਼ਰੀਦਕੋਟ ਅਤੇ ਜਲੰਧਰ ਸੰਧਵਾਂ ਨੇ ਕਮੇਟੀ ਦੀ ਚੋਣ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਦੇ ਵਿਸ਼ੇ ਨੂੰ ਰਾਜ ਸੂਚੀ ਵਿੱਚ ਸ਼ਾਮਿਲ ਕਰਵਾਉਣ ਲਈ, ਪੰਜਾਬ ਦੇ ਵਾਸੀਆਂ ਨੂੰ ਨੌਕਰੀਆਂ ਵਿੱਚ ਰਾਖਵਾਂਕਰਨ ਦਾ ਕਾਨੂੰਨ ਬਨਵਾਉਣ ਲਈ ਅਤੇ ਪੰਜਾਬ ਦੇ ਕਾਲਜਾਂ ਵਿੱਚ ਚਲਦੇ ਸਮੈਸਟਰ ਸਿਸਟਮ ਨੂੰ ਖਤਮ ਕਰਵਾ ਕੇ ਸਲਾਨਾ ਸਿਸਟਮ ਲਾਗੂ ਕਰਵਾਉਣ ਲਈ ਲੜਾਈ ਲੜ ਰਹੀ ਹੈ। ਵਿਦਿਆਰਥੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਬਣ ਕੇ ਵਿਦਿਆਰਥੀਆਂ ਮੰਗਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਕਮੇਟੀ ਦੀ ਚੋਣ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਲਈ ਇਨਕਲਾਬੀ ਸਾਹਿਤ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੀ ਐੱਸ ਯੂ ਦੇ ਕਮੇਟੀ ਮੈਂਬਰ ਧਰਮਵੀਰ ਸਿੰਘ, ਅਰਸ਼ਦੀਪ ਸਿੰਘ, ਅਭਿਨਵ ਸੋਢੀ, ਲਵਪ੍ਰੀਤ ਸਿੰਘ, ਨਵਪ੍ਰੀਤ ਕੌਰ, ਮੋਨਿਕਾ, ਸ਼ਰਨਜੀਤ ਕੌਰ, ਹੁਸੈਨਦੀਪ, ਰਾਜਬੀਰ ਕੌਰ, ਮਨਵੀਰ ਕੌਰ ਹਾਜ਼ਰ ਸਨ।