ਵਿਦਿਆਰਥੀਆਂ ਦੀ ਜਿਆਦਤੀ ਦੇ ਬਾਵਜੂਦ ਮਾਪਿਆਂ ਦੀ ਮੰਗ ’ਤੇ ਸੁਧਰਨ ਦਾ ਦਿੱਤਾ ਮੌਕਾ
ਛੁੱਟੀ ਤੋਂ ਬਾਅਦ ਵਿਦਿਆਰਥੀ ਰੋਜਾਨਾ 2 ਘੰਟੇ ਟੈ੍ਰਫਿਕ ਪੁਲਿਸ ਨਾਲ ਬਿਤਾਉਣਗੇ
ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਦੇ ਦੋ ਧੜਿਆਂ ਦਰਮਿਆਨ ਹੋਈ ਲੜਾਈ ਦੌਰਾਨ ਪੁਲਿਸ ਮੁਲਾਜਮਾ ਨਾਲ ਦੁਰਵਿਵਹਾਰ ਅਤੇ ਬਦਤਮੀਜੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਵਲੋਂ ਉਕਤ ਵਿਦਿਆਰਥੀਆਂ ਦੇ ਮਾਪਿਆਂ ਦੀ ਮੰਗ ’ਤੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਅਤੇ ਜਿੰਮੇਵਾਰ ਆਚਰਨ ਨੂੰ ਅਪਣਾਉਣ ਲਈ ਫਰੀਦਕੋਟ ਟ੍ਰੈਫਿਕ ਪੁਲਿਸ ਨਾਲ ਇੱਕ ਹਫਤੇ ਲਈ ਹਰ ਰੋਜ 2 ਘੰਟੇ ਬਿਤਾਉਣ ਦਾ ਮੌਕਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਨਿੱਜੀ ਸਕੂਲ ਦੇ ਮੂਹਰੇ ਵਿਦਿਆਰਥੀਆਂ ਦਾ ਟਕਰਾਅ ਟਾਲਣ ਲਈ ਜਦ ਪੁਲਿਸ ਮੁਲਾਜਮਾ ਦੀ ਪੀਸੀਆਰ ਪਾਰਟੀ ਮੌਕੇ ’ਤੇ ਪੁੱਜੀ ਤਾਂ ਵਿਦਿਆਰਥੀਆਂ ਨੇ ਉੱਥੋਂ ਭੱਜਣ ਦੀ ਕੌਸ਼ਿਸ਼ ਕੀਤੀ ਪਰ ਵਿਦਿਆਰਥੀਆਂ ਦੀ ਅਣਗਹਿਲੀ ਤੇ ਲਾਪ੍ਰਵਾਹੀ ਨਾਲ ਜਿੱਥੇ ਪੁਲਿਸ ਮੁਲਾਜਮ ਵਾਲ ਵਾਲ ਬਚੇ, ਉੱਥੇ ਉਹਨਾਂ ਦਾ ਮੋਟਰਸਾਈਕਲ ਬੁਰੀ ਤਰਾਂ ਨੁਕਸਾਨਿਆ ਗਿਆ। ਪੁਲਿਸ ਨੇ ਸਬੰਧਤ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਤਾਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹਨਾਂ ਵਿਦਿਆਰਥੀਆਂ ਵਿੱਚ ਸਕੂਲ ਵੈਲਫੇਅਰ ਪਾਰਟੀ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋਈ ਸੀ, ਜਿਸ ਵਿੱਚ ਇਹਨਾਂ ਵੱਲੋਂ ਇਹ ਕਦਮ ਉਠਾਇਆ ਗਿਆ ਸੀ। ਐਸਐਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਇਹਨਾਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾਇਆ ਗਿਆ, ਜਿੰਨਾ ਵੱਲੋ ਉਹਨਾਂ ਦੇ ਬੱਚਿਆਂ ਦੀ ਗਲਤੀ ਸਵੀਕਾਰ ਕਰਦਿਆਂ ਅਤੇ ਉਹਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਬੱਚਿਆਂ ਨੂੰ ਸੁਧਰਨ ਦਾ ਮੌਕਾ ਦੇਣ ਦੀ ਅਪੀਲ ਕੀਤੀ ਗਈ, ਜਿਸ ’ਤੇ ਫਰੀਦਕੋਟ ਪੁਲਿਸ ਵੱਲੋ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜਰੀ ਵਿੱਚ ਉਹਨਾਂ ਦੀ ਮੰਗ ’ਤੇ ਬੱਚਿਆਂ ਨੂੰ ਇੱਕ ਮੌਕਾ ਦਿੱਤਾ ਗਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ’ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ ਤਾਂ ਜੋ ਉਹ ਅੱਗੇ ਤੋ ਭਵਿੱਖ ਵਿੱਚ ਇਸ ਤਰ੍ਹਾ ਦੀ ਗਲਤੀ ਨਾ ਕਰਨ।