ਗਿਰੋਹ ਵਿੱਚ ਸ਼ਾਮਿਲ 6 ਦੋਸ਼ੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਕਾਬੂ
ਕੋਟਕਪੂਰਾ, 15 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲੁੱਟਾ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾ ਵਿੱਚ ਸ਼ਾਮਿਲ ਦੋਸੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸੰਜੀਵ ਕੁਮਾਰ ਡੀ.ਐਸ.ਪੀ. (ਸ.ਡ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਵੱਲੋਂ ਲੁੱਟ ਖੋਹ ਕਰਨ ਫਿਰਾਕ ਵਿੱਚ ਬੈਠੇ ਗਿਰੋਹ ਦੇ ਵਿੱਚ ਸ਼ਾਮਿਲ 6 ਦੋਸ਼ੀਆਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋ ਪਹਿਲਾ ਹੀ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਅਵਤਾਰ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਅਕਾਸ਼ਦੀਪ ਸਿੰਘ, ਦਵਿੰਦਰ ਸਿੰਘ, ਅਕਾਸ਼ ਸਿੰਘ ਉਰਫ ਗਿੱਲ, ਜਗਸੀਰ ਸਿੰਘ ਉਰਫ ਮੰਗਾ, ਸੰਦੀਪ ਸਿੰਘ ਅਤੇ ਗੁਰਪਿੰਦਰ ਸਿੰਘ ਵਜੋ ਹੋਈ ਹੈ। ਜੋ ਕਿ ਇਹ ਸਾਰੇ ਦੋਸ਼ੀ ਕੋਟਕਪੂਰਾ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਪਾਸੋ 01 ਗਰਾਰੀ ਲੱਗੀ ਲੋਹੇ ਦੀ ਪਾਈਪ, 01 ਕ੍ਰਿਪਾਨ, 01 ਕਹੀ ਦਾ ਦਸਤਾ, 01 ਹਾਕੀ, 01 ਨਲਕੇ ਦੀ ਹੱਥੀ, 01 ਕਾਪਾ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆ ਉਹਨਾ ਦੱਸਿਆ ਕਿ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਮਿਤੀ 13 ਅਕਤੂਬਰ ਨੂੰ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆ ਦੀ ਚੈਕਿੰਗ ਦੇ ਸਬੰਧ ਵਿੱਚ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ ਮੌਜੂਦ ਸੀ ਤਾਂ ਉਹਨਾ ਨੂੰ ਭਰੋਸੇਯੋਗ ਸੂਚਨਾ ਮਿਲੀ ਕਿ ਇਹ ਦੋਸ਼ੀ ਜੋ ਜੁਰਮ ਕਰਨ ਦੇ ਆਦਿ ਹਨ ਅਤੇ ਜੋ ਅੱਜ ਵੀ ਮੋਗਾ ਰੋਡ ਲੱਕੜ ਮੰਡੀ ਨਾਲ ਜਾਂਦੇ ਕੱਚੇ ਰਸਤੇ ਕੋਟਕਪੂਰਾ ਪਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜਿੰਨਾ ਪਾਸ ਮਾਰੂ ਹਥਿਆਰ ਵੀ ਮੋਜੂਦ ਹਨ। ਜਿਸ ਸੂਚਨਾ ਦੇ ਅਧਾਰ ’ਤੇ ਤੁਰਤ ਕਾਰਵਾਈ ਕਰਦਿਆਂ ਇਹਨਾ ਦੋਸ਼ੀਆਂ ਨੂੰ ਮੋਗਾ ਰੋਡ ਲੱਕੜ ਮੰਡੀ ਨਾਲ ਜਾਂਦੇ ਕੱਚੇ ਰਸਤੇ ਕੋਟਕਪੂਰਾ ਪਾਸੋ ਉਸ ਸਮੇ ਗ੍ਰਿਫਤਾਰ ਕੀਤਾ, ਜਦ ਉਹ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਇਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਕੱਦਮਾ ਨੰਬਰ 240 ਮਿਤੀ 13.10.2025 ਅ/ਧ 310(4), 310(5) ਬੀ.ਐਨ.ਐਸ. ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਿਲ ਕਰਨ ਉਪਰੰਤ ਦੋਸ਼ੀਆਂ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਹਨਾ ਦੱਸਿਆ ਕਿ ਜਦ ਇਹਨਾ ਦੋਸ਼ੀਆਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਵਿੱਚ ਸ਼ਾਮਿਲ ਦੋਸ਼ੀਆਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ, ਖੋਹ ਦੀਆਂ ਵਾਰਦਾਤਾਂ, ਸੰਗਠਿਤ ਅਪਰਾਧ ਅਤੇ ਹੋਰ ਸੰਗੀਨ ਧਾਰਾਵਾ ਤਹਿਤ 06 ਮਾਮਲੇ ਦਰਜ ਰਜਿਸਟਰ ਹਨ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।